ਚੋਣਾਂ ਖਤਮ ਹੁੰਦੇ ਹੀ ਸਰਕਾਰਾਂ ਨੇ ਲੋਕਾਂ ਉਪਰ ਨਵੇਂ ਵਿਤੀ ਭਾਰ ਪਾਉਣੇ ਸ਼ੁਰੂ ਕਰ ਦਿਤੇ ਗਏ ਹਨ। ਪੰਜਾਬ ’ਚ ਵੇਰਕਾ ਦੁੱਧ ਅਤੇ ਟੋਲ ਪਲਾਜ਼ਿਆਂ ਦੇ ਰੇਟਾਂ ’ਚ 3 ਜੂਨ ਤੋਂ ਵਾਧਾ ਲਾਗੂ ਹੋ ਰਿਹਾ ਹੈ। ਵਰਕਾਂ ਮਿਲਕ ਪਲਾਂਟ ਵਲੋਂ ਦੁੱਧ ਦੇ ਰੇਟ ਵਿਚ 2 ਰੁਪਏ ਪ੍ਰਤੀ ਪੈਕਟ ਵਾਧਾ ਲਾਗੂ ਕੀਤਾ ਗਿਆ ਹੈ। ਮਿਲਕ ਪਲਾਂਟ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈ ਰਹੀ ਸਖ਼ਤ ਗਰਮੀ ਕਾਰਨ ਦੁੱਧ ਦੀ ਖ਼ਰੀਦ ਦੇ ਰੇਟ ਵਧਣ ਕਾਰਨ ਮਿਲਕ ਪਲਾਂਟ ਦੇ ਲਾਗਤ ਖ਼ਰਚੇ ਵੀ ਵਧੇ ਹਨ, ਜਿਸ ਕਰ ਕੇ ਲੋਕਾਂ ਦੀ ਮੰਗ ਅਨੁਸਾਰ ਪੂਰਾ ਉਤਪਾਦਨ ਕਰਨ ਲਈ ਰੇਟਾਂ ਵਿਚ ਵਾਧਾ ਜ਼ਰੂਰੀ ਹੋ ਗਿਆ ਸੀ। ਇਸੇ ਤਰ੍ਹਾਂ ਪੰਜਾਬ ਵਿਚ 3 ਜੂਨ ਤੋਂ ਤੋਲ ਦੇ ਰੇਟ ਵੀ 3 ਤੋਂ 5 ਫ਼ੀ ਸਦੀ ਤਕ ਵੱਧ ਜਾਣਗੇ। ਇਸ ਬਾਰੇ ਨੈਸ਼ਨਲ ਹਾਈਵੇ ਅਥਾਰਟੀ ਨੇ ਪ੍ਰਵਾਨਗੀ ਦੇਣ ਤੋਂ ਬਾਅਦ ਟੋਲ ਕੰਪਨੀਆਂ ਨੂੰ ਹਦਾਇਤਾਂ ਜਾਰੀ ਕਰ ਦਿਤੀਆਂ ਹਨ। ਜ਼ਿਕਰਯੋਗ ਹੈ ਕਿ ਇਹ ਰੇਟ ਪਹਿਲਾਂ ਚੋਣਾਂ ਦੇ ਚਲਦੇ ਲਾਗੂ ਕੀਤੇ ਜਾਣੇ ਸਨ ਪਰ ਚੋਣ ਕਮਿਸ਼ਨ ਨੇ ਵੋਟਾਂ ਦਾ ਕੰਮ ਪੂਰਾ ਹੋਣ ਤਕ ਇਸ ਉਤੇ ਰੋਕ ਲਗਾ ਦਿਤੀ ਸੀ।