ਵੱਡੀ ਖਬਰ : ਪੁਲਸ ਮੁਕਾਬਲੇ 'ਚ ਮਾਰਿਆ ਗਿਆ ਗੈਂਗਸਟਰ 'ਵਿਕਾਸ ਦੁਬੇ'

ਜਲੰਧਰ (ਸੁੱਖਵੰਤ ਸਿੰਘ)- 8 ਪੁਲਸ ਮੁਲਾਜ਼ਮਾਂ ਦੇ ਕਤਲ ਦਾ ਮੁੱਖ ਦੋਸ਼ੀ ਅਤੇ ਗੈਂਗਸਟਰ ਵਿਕਾਸ ਦੁਬੇ ਪੁਲਸ ਮੁਕਾਬਲੇ ਦੌਰਾਨ ਮਾਰਿਆ ਗਿਆ ਹੈ। ਦੱਸ ਦੇਈਏ ਕਿ ਵਿਕਾਸ ਦੁਬੇ ਨੂੰ ਕਾਨਪੁਰ ਲਿਆ ਰਹੀ ਐਸ. ਟੀ. ਐਫ ਦੇ ਕਾਫਲੇ ਦੀ ਗੱਡੀ ਸ਼ੁੱਕਰਵਾਰ ਸਵੇਰੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਮਿਲੀ ਜਾਣਕਾਰੀ ਮੁਤਾਬਕ ਜਦੋਂ ਗੱਡੀ ਹਾਦਸੇ ਦਾ ਸ਼ਿਕਾਰ ਹੋਈ ਤਾਂ ਵਿਕਾਸ ਦੁਬੇ ਨੇ ਹਥਿਆਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਘਟਨਾ ਵਾਲੀ ਥਾਂ ਤੋਂ 7-8 ਕਿਲੋਮੀਟਰ ਦੀ ਦੂਰੀ ‘ਤੇ ਵਿਕਾਸ ਦੁਬੇ ਅਤੇ ਪੁਲਸ ਦੌਰਾਨ ਮੁਕਾਬਲਾ ਹੋਇਆ, ਜਿਸ ‘ਚ ਉਹ ਗੰਭੀਰ ਰੂਪ ‘ਚ ਜ਼ਖਮੀਂ ਹੋ ਗਿਆ, ਜਿਸ ਤੋਂ ਬਾਅਦ ਹਸਪਤਾਲ ‘ਚ ਉਸ ਦੀ ਮੌਤ ਹੋ ਗਈ। ਇਹ ਹਾਦਸਾ ਕਾਨਪੁਰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੂਰ ਹੋਇਆ। ਵਿਕਾਸ ਨੂੰ ਵੀਰਵਾਰ ਨੂੰ ਉੱਜੈਨ ਦੇ ਮਹਾਕਾਲੇਸ਼ਵਰ ਮੰਦਰ ਤੋਂ ਨਾਟਕੀ ਢੰਗ ਨਾਲ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਦੀ ਟੀਮ ਉਸ ਨੂੰ ਲੈਣ ਲਈ ਚਾਰਟਰ ਪਲੇਨ ਰਾਹੀਂ ਉੱਜੈਨ ਗਈ ਸੀ ਪਰ ਵਾਪਸੀ ‘ਚ ਉਸ ਨੂੰ ਸੜਕੀ ਮਾਰਗ ਰਾਹੀਂ ਲਿਆਉਣ ਦਾ ਫੈਸਲਾ ਕੀਤਾ ਗਿਆ।

ਦੱਸਣਯੋਗ ਹੈ ਕਿ ਯੂ. ਪੀ. ਪੁਲਸ ਕਰੀਬ ਇਕ ਹਫਤੇ ਤੋਂ ਵਿਕਾਸ ਨੂੰ ਲੱਭ ਰਹੀ ਸੀ। ਵਿਕਾਸ ਗ੍ਰਿਫਤਾਰੀ ਦੇ 24 ਘੰਟੇ ਅੰਦਰ ਹੀ ਮਾਰਿਆ ਗਿਆ। ਕਾਨਪੁਰ ‘ਚ ਚੌਬੇਪੁਰ ਦੇ ਵਿਕਰੂ ਪਿੰਡ ‘ਚ ਪਿਛਲੀ 2 ਜੁਲਾਈ ਦੀ ਰਾਤ ਨੂੰ ਵਿਕਾਸ ਅਤੇ ਉਸ ਦੇ ਸਾਥੀਆਂ ਨੇ 8 ਪੁਲਸ ਮੁਲਾਜ਼ਮਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਸਿਲਸਿਲੇ ‘ਚ ਪੁਲਸ ਹੁਣ ਤੱਕ ਵਿਕਾਸ ਦੇ 5 ਸਾਥੀਆਂ ਨੂੰ ਢੇਰ ਕਰ ਚੁੱਕੀ ਹੈ।