ਸ੍ਰੀ ਮੁਕਤਸਰ ਸਾਹਿਬ, 13 ਅਗਸਤ (ਵਿਪਨ ਮਿੱਤਲ) ਕੁਝ ਦਿਨ ਪਹਿਲਾਂ 5994 ਈ.ਟੀ.ਟੀ. ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਸਨ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਸ਼ਾਨਦਾਰ ਸਮਾਗਮ ਆਯੋਜਿਤ ਕੀਤਾ ਗਿਆ ਸੀ। ਮੈਰਿਟ ਸੂਚੀ ਅਨੁਸਾਰ ਪਹਿਲੇ ਦਸ ਸਥਾਨ ਪ੍ਰਾਪਤ ਕਰਨ ਵਾਲੇ ਟਾਪ ਟੈੱਨ ਟੀਚਰਜ਼ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਹੱਥੀਂ ਨਿਯੁਕਤੀ ਪੱਤਰ ਦਿੱਤੇ ਸਨ। ਇਹਨਾਂ ਟਾਪ ਟੈੱਨ ਟੀਚਰਜ਼ ਵਿੱਚੋਂ ਜ਼ਿਆਦਾਤਰ ਈ.ਟੀ.ਟੀ. ਅਧਿਆਪਕਾਂ ਦੀ ਨਿਯੁਕਤੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਨੇ ਟਾਪ ਟੈੱਨ ਟੀਚਰਜ਼ ਦੀ ਜਿਲ੍ਹੇ ਵਿੱਚ ਨਿਯੁਕਤੀ ਨੂੰ ਬੇਹੱਦ ਸ਼ਲਾਘਾ ਯੋਗ ਦੱਸਿਆ ਹੈ। ਮਿਸ਼ਨ ਨੇ ਇਹਨਾਂ ਅਧਿਆਪਕਾਂ ਦੀ ਨਿਯੁਕਤੀ ਨਾਲ ਜਿਲ੍ਹੇ ਦੀ ਪ੍ਰਾਇਮਰੀ ਸਿੱਖਿਆ ਦਾ ਪੱਧਰ ਹੋਰ ਉੱਚਾ ਉੱਠਣ ਦੀ ਉਮੀਦ ਜਾਹਰ ਕੀਤੀ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਹਨਾਂ ਦੀ ਸੰਸਥਾ ਵੱਲੋਂ ਟਾਪ ਟੈੱਨ ਟੀਚਰਜ਼ ਨੂੰ ਲੜੀਵਾਰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਜਾਵੇਗੀ। ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸੇ ਲੜੀ ਅਧੀਨ ਪਿੰਡ ਚੱਕ ਬੀੜ ਸਰਕਾਰ ਵਿਖੇ ਤਾਇਨਾਤ ਈ.ਟੀ.ਟੀ. ਟੀਚਰ ਮਿਸ ਵੈਸ਼ਾਲੀ ਨੂੰ ਅੱਜ ਵਿਕਾਸ ਮਿਸ਼ਨ ਵੱਲੋਂ ਸਕੂਲ ਵਿਖੇ ਸਨਮਾਨਤ ਕੀਤਾ ਗਿਆ। ਮੁਕਤਸਰ ਵਿਕਾਸ ਮਿਸ਼ਨ ਵੱਲੋਂ ਮਿਸ ਵੈਸ਼ਾਲੀ ਨੂੰ ਸ਼ਾਨਦਾਰ ਮੋਮੈਂਟੋ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਮੌਕੇ ਸਕੂਲ ਮੁਖੀ ਮੈਡਮ ਪੁਸ਼ਪਾ ਰਾਣੀ ਤੋਂ ਇਲਾਵਾ ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ, ਚੇਅਰਮੈਨ ਨਿਰੰਜਣ ਸਿੰਘ ਰੱਖਰਾ ਅਤੇ ਪੈਟਰਨ ਡਾ. ਸੁਰਿੰਦਰ ਗਿਰਧਰ ਸਮੇਤ ਸਹਾਇਕ ਸਕੱਤਰ ਬਲਜੀਤ ਸਿੰਘ ਕੋਅਪ੍ਰੇਟਿਵ, ਉੱਘੇ ਸਿੱਖਿਆ ਸ਼ਾਸਤਰੀ ਤੇ ਸੀਨੀਅਰ ਮੈਂਬਰ ਪ੍ਰੋ. ਕੁਲਵੰਤ ਸ਼ਰਮਾ, ਸਮਾਜ ਸੇਵਿਕਾ ਬੀਬਾ ਜਸਪ੍ਰੀਤ ਕੌਰ, ਸਮਾਇਰਾ, ਨਰਿੰਦਰ ਕਾਕਾ ਅਤੇ ਪੂਜਾ ਕੱਕੜ ਸਮੇਤ ਕਈ ਹੋਰ ਮੈਂਬਰ ਮੌਜੂਦ ਸਨ। ਇਸ ਮੌਕੇ ਪ੍ਰਧਾਨ ਢੋਸੀਵਾਲ ਨੇ ਸਮੁੱਚੇ ਮਿਸ਼ਨ ਵੱਲੋਂ ਮਿਸ ਵੈਸ਼ਾਲੀ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਮੀ ਉਮਰ, ਚੰਗੀ ਸਿਹਤ ਅਤੇ ਪਰਿਵਾਰਕ ਖੁਸ਼ਹਾਲੀ ਦੀ ਕਾਮਨਾ ਕੀਤੀ। ਜਿਕਰਯੋਗ ਹੈ ਕਿ ਅਬੋਹਰ ਦੇ ਪਿੰਡ ਬਕੈਨ ਵਾਲਾ ਦੀ ਰਹਿਣ ਵਾਲੀ ਮਿਸ ਵੈਸ਼ਾਲੀ ਨੇ ਉਕਤ ਟਾਪ ਟੈੱਨ ਟੀਚਰਜ਼ ਦੀ ਸੂਚੀ ਵਿੱਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਸਕੂਲ ਦਾ ਨਾਮ ਪੰਜਾਬ ਪੱਧਰ ’ਤੇ ਰੋਸ਼ਨ ਕੀਤਾ ਹੈ। ਪ੍ਰਧਾਨ ਢੋਸੀਵਾਲ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਮਿਸ਼ਨ ਵੱਲੋਂ ਅਗਲੀ ਲੜੀ ਅਧੀਨ ਟਾਪ ਟੈੱਨ ਟੀਚਰਜ਼ ਦੀ ਮੈਰਿਟ ਸੂਚੀ ਵਿੱਚ ਪਹਿਲਾਂ ਸਥਾਨ ਪ੍ਰਾਪਤ ਕਰਨ ਵਾਲੀ ਸੁਮਨ ਸਮੇਤ ਸ਼ਾਇਨ ਮੀਤ ਕੱਕੜ ਅਤੇ ਭੂਪਿੰਦਰ ਕੁਮਾਰ ਸਮੇਤ ਕਾਂਤਾ ਰਾਣੀ ਨੂੰ ਜਲਦੀ ਹੀ ਸਨਮਾਨਿਤ ਕੀਤਾ ਜਾਵੇਗਾ।