ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਵਿਚ ਅਜ ਸਵੇਰੇ 7 ਵਜੇ 6 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਬਿਹਾਰ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪਛਮੀ  ਬੰਗਾਲ ਸਮੇਤ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਲੋਕ ਸਭਾ ਸੀਟਾਂ ਤੋਂ ਇਲਾਵਾ ਓਡੀਸ਼ਾ ਦੀਆਂ 35 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਜਾਰੀ ਹੈ।

    ਇਸ ਗੇੜ ਵਿਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿਚ ਹਨ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿਚ 695 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 613 ਪੁਰਸ਼ ਅਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿਚ ਔਰਤਾਂ ਸਿਰਫ਼ 12% ਹਨ।

    ਪ੍ਰਧਾਨ ਮੰਤਰੀ ਨੇ ਕੀਤਾ ਟਵੀਟ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 5 ਵੱਖ-ਵੱਖ ਭਾਸ਼ਾਵਾਂ ਵਿਚ X ‘ਤੇ ਪੋਸਟ ਕੀਤਾ। ਉਨ੍ਹਾਂ ਲੋਕਾਂ ਨੂੰ ਅੰਗਰੇਜ਼ੀ, ਉੜੀਆ, ਬੰਗਾਲੀ, ਮਰਾਠੀ ਅਤੇ ਹਿੰਦੀ ਵਿਚ ਵੋਟ ਪਾਉਣ ਦੀ ਅਪੀਲ ਕੀਤੀ।

    ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੋਟ ਪਾਈ

    ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਲਖਨਊ ਵਿਚ ਅਪਣੀ ਵੋਟ ਪਾਈ। ਵੋਟ ਪਾਉਣ ਤੋਂ ਬਾਅਦ ਉਨ੍ਹਾਂ ਕਿਹਾ- ਮੈਂ ਸਾਰਿਆਂ ਨੂੰ ਅਪੀਲ ਕਰਦੀ ਹਾਂ ਕਿ ਬਾਹਰ ਆ ਕੇ ਵੋਟ ਪਾਓ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ਨੂੰ ਪਹਿਲ ਦੇਣ। ਭਾਜਪਾ ਹੋਵੇ ਜਾਂ ਕਾਂਗਰਸ, ਸਾਰੀਆਂ ਪਾਰਟੀਆਂ ਕਹਿੰਦੀਆਂ ਹਨ ਕਿ ਉਹ ਸਰਕਾਰ ਬਣਾ ਰਹੇ ਹਨ, ਪਰ ਨਤੀਜੇ ਆਉਣ ‘ਤੇ ਸੱਭ ਕੁੱਝ ਸਪੱਸ਼ਟ ਹੋ ਜਾਵੇਗਾ।

    ਹੁਣ ਤਕ ਦੇਸ਼ ਦੇ 23 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 379 ਲੋਕ ਸਭਾ ਸੀਟਾਂ ਲਈ ਵੋਟਿੰਗ ਹੋ ਚੁਕੀ ਹੈ। ਲੋਕ ਸਭਾ ਚੋਣਾਂ ਦੇ ਪਿਛਲੇ ਚਾਰ ਪੜਾਵਾਂ ’ਚ ਹੁਣ ਤਕ  66.95 ਫੀ ਸਦੀ  ਵੋਟਿੰਗ ਹੋ ਚੁਕੀ ਹੈ। ਪਿਛਲੇ ਚਾਰ ਪੜਾਵਾਂ ’ਚ ਲਗਭਗ 45.10 ਕਰੋੜ ਵੋਟਰਾਂ ਨੇ ਅਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸਾਲ ਫ਼ਰਵਰੀ ’ਚ ਦੇਸ਼ ’ਚ ਕੁਲ  ਵੋਟਰਾਂ ਦੀ ਗਿਣਤੀ ਕਰੀਬ 97 ਕਰੋੜ ਹੈ।

    ਉਧਰ ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ, ਠਾਣੇ ਅਤੇ ਲਖਨਊ ਵਰਗੇ ਸ਼ਹਿਰਾਂ ਦੇ ਲੋਕਾਂ ਨੇ ਪਿਛਲੇ ਸਮੇਂ ’ਚ ਵੋਟਿੰਗ ਪ੍ਰਤੀ ਉਦਾਸੀਨਤਾ ਵਿਖਾਈ ਹੈ। ਕਮਿਸ਼ਨ ਨੇ ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਇਸ ਵਾਰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ, ‘‘ਪਿਛਲੇ ਸਮੇਂ ’ਚ ਇਨ੍ਹਾਂ ਸ਼ਹਿਰਾਂ ’ਚ ਵੋਟਿੰਗ ਪ੍ਰਕਿਰਿਆ ’ਚ ਸ਼ਹਿਰੀ ਉਦਾਸੀਨਤਾ ਵਿਖਾਈ ਗਈ ਹੈ। ਕਮਿਸ਼ਨ ਵਿਸ਼ੇਸ਼ ਤੌਰ ’ਤੇ  ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈ ਕੇ ਇਸ ਕਲੰਕ ਨੂੰ ਦੂਰ ਕਰਨ ਦੀ ਅਪੀਲ ਕਰਦਾ ਹੈ।’’

    ਕਮਿਸ਼ਨ ਨੇ 3 ਮਈ ਨੂੰ ਇਕ ਬਿਆਨ ਜਾਰੀ ਕਰ ਕੇ ਦੂਜੇ ਪੜਾਅ ’ਚ ਵੋਟਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਉਹ ਕੁੱਝ  ਮਹਾਨਗਰਾਂ ’ਚ ਵੋਟਿੰਗ ਤੋਂ ਬਹੁਤ ਨਿਰਾਸ਼ ਹੈ। ਚੋਣ ਕਮਿਸ਼ਨ ਨੇ ਪਿਛਲੇ ਮਹੀਨੇ ਸ਼ਹਿਰੀ ਵੋਟਿੰਗ ਉਦਾਸੀਨਤਾ ਨਾਲ ਲੜਨ ਲਈ ਰਣਨੀਤੀ ਤਿਆਰ ਕਰਨ ਲਈ ਕਈ ਮਹਾਨਗਰਾਂ ਦੇ ਕਮਿਸ਼ਨਰਾਂ ਨਾਲ ਮੀਟਿੰਗ ਕੀਤੀ ਸੀ।  ਵੋਟਿੰਗ ਪ੍ਰਕਿਰਿਆ ਪ੍ਰਤੀ ਸ਼ਹਿਰੀ ਅਤੇ ਨੌਜੁਆਨਾਂ ਦੀ ਉਦਾਸੀਨਤਾ ਨੂੰ ਇਕ  ਵਰਤਾਰੇ ਵਜੋਂ ਦਰਸਾਇਆ ਗਿਆ ਹੈ ਜਦੋਂ ਨੌਜੁਆਨ ਵੋਟਰ ਅਤੇ ਮਹਾਨਗਰਾਂ ’ਚ ਰਹਿਣ ਵਾਲੇ ਲੋਕ ਵੋਟਿੰਗ ਵਾਲੇ ਦਿਨ ਅਪਣੇ  ਪੋਲਿੰਗ ਸਟੇਸ਼ਨਾਂ ’ਤੇ  ਨਹੀਂ ਆਉਂਦੇ।