ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ’ਚ ਅੱਜ ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਸਮੇਤ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਵੋਟਿੰਗ ਹੋਵੇਗੀ। ਇਸ ਪੜਾਅ ’ਚ ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਤ੍ਰਿਣਮੂਲ ਕਾਂਗਰਸ ਦੀ ਨੇਤਾ ਮਹੂਆ ਮੋਇਤਰਾ ਅਤੇ ਏ.ਆਈ.ਐਮ.ਆਈ.ਐਮ ਦੇ ਅਸਦੁਦੀਨ ਓਵੈਸੀ ਵਰਗੇ ਕਈ ਪ੍ਰਮੁੱਖ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਲੋਕ ਸਭਾ ਸੀਟਾਂ ਅਤੇ ਸਾਰੀਆਂ 175 ਵਿਧਾਨ ਸਭਾ ਸੀਟਾਂ ਲਈ ਵੀ ਚੋਣਾਂ ਅੱਜ ਹੋਣਗੀਆਂ।
ਸੂਬੇ ਅੰਦਰ ਵਾਈ.ਐਸ.ਆਰ.ਸੀ., ਕਾਂਗਰਸ ਦੀ ਅਗਵਾਈ ਵਾਲੇ ‘ਇੰਡੀਆ’ ਗੱਠਜੋੜ ਅਤੇ ਕੌਮੀ ਲੋਕਤੰਤਰੀ ਗੱਠਜੋੜ (ਐਨ.ਡੀ.ਏ.) ਵਿਚਕਾਰ ਤਿਕੋਣਾ ਮੁਕਾਬਲਾ ਹੈ। ਸੂਬੇ ਅੰਦਰ ਐਨ.ਡੀ.ਏ. ’ਚ ਭਾਰਤੀ ਜਨਤਾ ਪਾਰਟੀ (ਭਾਜਪਾ), ਚੰਦਰਬਾਬੂ ਨਾਇਡੂ ਦੀ ਟੀ.ਡੀ.ਪੀ. ਅਤੇ ਪਵਨ ਕਲਿਆਣ ਦੀ ਜਨਸੈਨਾ ਪਾਰਟੀ ਸ਼ਾਮਲ ਹੈ। ਇਸ ਪੜਾਅ ’ਚ ਓਡੀਸ਼ਾ ਦੀਆਂ 28 ਵਿਧਾਨ ਸਭਾ ਸੀਟਾਂ ’ਤੇ ਵੀ ਵੋਟਿੰਗ ਹੋਵੇਗੀ।
ਲੋਕ ਸਭਾ ਸੀਟਾਂ ਲਈ ਕੁਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 8.73 ਕਰੋੜ ਔਰਤਾਂ ਸਮੇਤ 17.70 ਕਰੋੜ ਤੋਂ ਵੱਧ ਯੋਗ ਵੋਟਰਾਂ ਲਈ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਵੱਧ ਪੋਲਿੰਗ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਇਸ ਪੜਾਅ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ (ਕਨੌਜ, ਯੂ.ਪੀ.) ਅਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ (ਬੇਗੂਸਰਾਏ, ਬਿਹਾਰ), ਨਿਤਿਆਨੰਦ ਰਾਏ (ਉਜੀਰਪੁਰ, ਬਿਹਾਰ) ਅਤੇ ਰਾਓਸਾਹਿਬ ਦਾਨਵੇ (ਜਾਲਨਾ, ਮਹਾਰਾਸ਼ਟਰ) ਸ਼ਾਮਲ ਹਨ।ਇਸ ਤੋਂ ਇਲਾਵਾ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਅਤੇ ਤ੍ਰਿਣਮੂਲ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਕ੍ਰਿਕਟਰ ਯੂਸੁਫ ਪਠਾਨ (ਦੋਵੇਂ ਪਛਮੀ ਬੰਗਾਲ ਦੇ ਬਹਿਰਾਮਪੁਰ), ਭਾਜਪਾ ਦੀ ਪੰਕਜਾ ਮੁੰਡੇ (ਬੀਡ, ਮਹਾਰਾਸ਼ਟਰ), ਏ.ਆਈ.ਐਮ.ਆਈ .ਐਮ ਮੁਖੀ ਅਸਦੁਦੀਨ ਓਵੈਸੀ (ਹੈਦਰਾਬਾਦ-ਤੇਲੰਗਾਨਾ) ਅਤੇ ਆਂਧਰਾ ਪ੍ਰਦੇਸ਼ ਕਾਂਗਰਸ ਪ੍ਰਧਾਨ ਵਾਈ ਐਸ ਸ਼ਰਮੀਲਾ (ਕਡਾਪਾ) ਚੋਣ ਮੈਦਾਨ ’ਚ ਹਨ। ਕੇਂਦਰੀ ਮੰਤਰੀ ਅਜੇ ਕੁਮਾਰ ਮਿਸ਼ਰਾ ਉੱਤਰ ਪ੍ਰਦੇਸ਼ ਦੀ ਖੇੜੀ ਸੀਟ ਤੋਂ ਹੈਟ੍ਰਿਕ ਬਣਾਉਣ ਦੀ ਦੌੜ ’ਚ ਹਨ। ਉਨ੍ਹਾਂ ਦਾ ਬੇਟਾ 2021 ਦੇ ਲਖੀਮਪੁਰੀ ਹਿੰਸਾ ਮਾਮਲੇ ’ਚ ਦੋਸ਼ੀ ਹੈ। ਤ੍ਰਿਣਮੂਲ ਕਾਂਗਰਸ ਦੀ ਮਹੂਆ ਮੋਇਤਰਾ ਵੀ ਪਛਮੀ ਬੰਗਾਲ ਦੀ ਕ੍ਰਿਸ਼ਨਾਨਗਰ ਸੀਟ ਤੋਂ ਦੁਬਾਰਾ ਸੰਸਦ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੂੰ ਸਵਾਲ ਪੁੱਛਣ ਦੇ ਬਦਲੇ ਨਕਦੀ ਲੈਣ ਲਈ ਲੋਕ ਸਭਾ ਤੋਂ ਕੱਢ ਦਿਤਾ ਗਿਆ ਸੀ। ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਨ ਸਿਨਹਾ ਆਸਨਸੋਲ ਤੋਂ ਦੁਬਾਰਾ ਚੋਣ ਲੜ ਰਹੇ ਹਨ, ਜਿੱਥੇ ਉਨ੍ਹਾਂ ਦਾ ਮੁਕਾਬਲਾ ਭਾਜਪਾ ਦੇ ਸੀਨੀਅਰ ਆਗੂ ਐਸ.ਐ.ਸ ਆਹਲੂਵਾਲੀਆ ਨਾਲ ਹੈ। ਪਛਮੀ ਬੰਗਾਲ ਭਾਜਪਾ ਦੇ ਸਾਬਕਾ ਪ੍ਰਧਾਨ ਦਿਲੀਪ ਘੋਸ਼ ਅਤੇ ਤ੍ਰਿਣਮੂਲ ਕਾਂਗਰਸ ਦੇ ਕੀਰਤੀ ਆਜ਼ਾਦ ਬਰਧਮਾਨ-ਦੁਰਗਾਪੁਰ ਤੋਂ ਚੋਣ ਲੜ ਰਹੇ ਹਨ। ਲੋਕ ਸਭਾ ਚੋਣਾਂ ਦੇ ਤੀਜੇ ਪੜਾਅ ਤਕ 543 ’ਚੋਂ 283 ਸੀਟਾਂ ’ਤੇ ਵੋਟਿੰਗ ਹੋ ਚੁਕੀ ਹੈ।