ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ) ਪਿਛਲੇ ਕੇਈ ਦਹਾਕਿਆ ਤੋਂ ਅਕਾਲੀ ਤੇ ਕਾਂਗਰਸੀਆਂ ਦੇ ਹੱਥ ਪੰਜਾਬ ਦਾ ਰਾਜਭਾਗ ਵੇਖ ਕੇ ਦਿੱਲੀ ਅੰਦਰ ਬੈਠੇ ਬਿਹਾਰ ‘ਤੇ ਯੂ,ਪੀ ਤੋ ਆਏ ਆਮ ਆਦਮੀ ਪਾਰਟੀ ਪ੍ਰਾਈਵੇਟ ਕੰਪਨੀ ਦੇ ਮਾਲਕਾਂ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਥਾਪ ਕੇ ਭੇਜਿਆ, ਜਿਸ ਨੇ ਆਉਂਦਿਆ ਹੀ ਬਿਆਨ ਦਿੰਦਿਆ ਕਿਹਾ ਕਿ ਨੌਜਵਾਨਾਂ ਲਈ ਰੋਜ਼ਗਾਰ ਦੇ ਸਾਧਨ ਦੇਕੇ ਉਨ੍ਹਾਂ ਦੇ ਹੱਥਾਂ ਚੋਂ ਸਰਿੰਜਾਂ ਖੋਹ ਕੇ ਰੋਟੀ ਦੇ ਟਿਫਨ ਫੜਾ ਦਿੱਤੇ ਜਾਣਗੇ, ਇਹ ਵਾਅਦੇ ਵਫਾ ਤਾਂ ਨਹੀ ਹੋਏ, ਪਰ ਇਸ ਦੇ ਉਲਟ ਬੀਤੇ 15 ਅਗਸਤ ਨੂੰ ਸਤੌਜ ਵਾਲੇ ਮਹਾਰਾਜੇ ਵਲੋ ਫਰੀਦਕੋਟ ਵਿਖੇ ਝੰਡਾ ਲਹਿਰਾਉਣ ਤੋਂ ਕੁੱਝ ਦਿਨ ਪਹਿਲਾ ਦਿਹਾੜੀਦਾਰਾਂ, ਰੇਹੜੀ ਵਾਲੇ, ਫੇਰੀ ਵਾਲੇ, ਝੰਡਾ ਲਹਿਰਾਉਣ ਵਾਲੀ ਥਾਂ ਨੇੜਲੀਆਂ ਦੁਕਾਨਾਂ, ਇਥੋਂ ਤੱਕ ਕੀ ਦਿਹਾੜੀ ਲਾਉਣ ਆਏ ਮਜ਼ਦੂਰਾਂ ਨੂੰ ਸ਼ਹਿਰ ਦੇ ਚੌਕਾਂ ਵਿੱਚ ਖੜ੍ਹਨ ਨਹੀ ਦਿੱਤਾ ਗਿਆ, ਦਿਹਾੜੀ ਲਾਉਣ ਆਏ ਮਜ਼ਦੂਰਾਂ ਦੇ ਹੱਥਾਂ ਵਿੱਚ ਰੋਟੀਆਂ ਫੜੀਆ ਫੜਾਈਆਂ ਰਹਿ ਗਈਆ। ਮਜ਼ਦੂਰਾਂ ਨੇ ਦੱਸਿਆ ਕਿ ਸਰਕਾਰੀ ਤਿਉਹਾਰਾਂ ‘ਤੇ ਵੱਡੇ ਨੇਤਾ ਆਉਂਦੇ ਹਨ, ਵੱਡੇ–ਵੱਡੇ ਸਟੇਜ ਲੱਗਦੇ ਹਨ, ਲੱਖਾਂ ਰੁਪਏ ਖਰਚੇ ਜਾਂਦੇ ਹਨ ਪਰ ਮਜ਼ਦੂਰ ਵਰਗ ਲਈ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਜਿਹੜੇ ਲੋਕ ਰੋਜ਼ ਕਮਾਉਂਦੇ ਤੇ ਰੋਜ਼ ਖਾਂਦੇ ਹਨ, ਉਹਨਾਂ ਦੇ ਘਰ ਉਸ ਦਿਨ ਚੁੱਲ੍ਹੇ ਹੀ ਨਹੀ ਬਲਦੇ। ਬੱਚਿਆਂ ਨੂੰ ਭੁੱਖੇ ਪੇਟ ਸੋਣਾ ਪਿਆ ਤੇ ਘਰਾਂ ਵਿੱਚ ਮਾਵਾਂ ਦੀਆਂ ਅੱਖਾਂ ‘ਚ ਹੰਝੂਆਂ ਨਾਲ ਭਰੀਆਂ ਰਹੀਆ। ਲੋਕਾਂ ਨੇ ਗਿਲਾ ਕੀਤਾ ਕਿ ਸਰਕਾਰ ਹਰ ਮੌਕੇ ‘ਤੇ ਗਰੀਬੀ ਮਿਟਾਉਣ ਦੇ ਵਾਅਦੇ ਤਾਂ ਕਰਦੀ ਹੈ ਪਰ ਜਦੋਂ ਉਹਨਾਂ ਦੀ ਰੋਜ਼ੀ-ਰੋਟੀ ਬੰਦ ਹੁੰਦੀ ਹੈ ਤਾਂ ਕਿਸੇ ਅਧਿਕਾਰੀ ਜਾਂ ਨੇਤਾ ਨੂੰ ਇਹ ਦਰਦ ਨਹੀਂ ਦਿਸਦਾ। ਆਜ਼ਾਦੀ ਦੇ ਜਸ਼ਨ ਨੂੰ ਮਨਾਉਣ ਦੀ ਥਾਂ ਇਹ ਦਿਨ ਮਜ਼ਦੂਰਾਂ ਲਈ ਭੁੱਖ ਅਤੇ ਬੇਬਸੀ ਦੀ ਕਾਲੀ ਰਾਤ ਬਣ ਜਾਂਦੀ ਹੈ।