ਸਾਲ 2024 ਦੀ ਸ਼ੁਰੂਆਤ ਹੋਣ ਨਾਲ ਪੂਰੀ ਦੁਨੀਆ ‘ਚ ਜਸ਼ਨ ਮਨਾਇਆ ਜਾ ਰਿਹਾ ਹੈ। ਨਵੇਂ ਸਾਲ ‘ਤੇ ਹਾਂਗਕਾਂਗ ਵਿਚ ਹੁਣ ਤਕ ਦਾ ਸੱਭ ਤੋਂ ਵੱਡਾ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਹੋਇਆ। ਇਥੇ ‘ਨਿਊ ਈਅਰ ਨਿਊ ​​ਲੈਜੇਂਡ’ ਥੀਮ ’ਤੇ 12 ਮਿੰਟ ਦਾ ਆਤਿਸ਼ਬਾਜ਼ੀ ਸਮਾਗਮ ਹੋਇਆ। ਇਸ ਦੌਰਾਨ ਉੱਚੀਆਂ ਇਮਾਰਤਾਂ ਦੀਆਂ ਛੱਤਾਂ ਤੋਂ ਇਕੋ ਸਮੇਂ ਆਤਿਸ਼ਬਾਜ਼ੀ ਚਲਾਈ ਗਈ।

    ਕੁੱਝ ਦੇਸ਼ਾਂ ਵਿਚ, ਭਾਰਤ ਤੋਂ ਕੁੱਝ ਘੰਟੇ ਪਹਿਲਾਂ 2024 ਦਾ ਸਵਾਗਤ ਕੀਤਾ ਗਿਆ ਸੀ। ਭਾਰਤੀ ਸਮੇਂ ਦੇ ਅਨੁਸਾਰ, ਨਵਾਂ ਸਾਲ ਸੱਭ ਤੋਂ ਪਹਿਲਾਂ 31 ਦਸੰਬਰ ਨੂੰ ਸ਼ਾਮ 4:30 ਵਜੇ ਨਿਊਜ਼ੀਲੈਂਡ ਵਿਚ ਮਨਾਇਆ ਗਿਆ ਹੈ।ਜਿਵੇਂ ਹੀ ਘੜੀ ਦੇ 12 ਵੱਜੇ, ਆਕਲੈਂਡ, ਨਿਊਜ਼ੀਲੈਂਡ ਵਿਚ ਸਕਾਈ ਟਾਵਰ ਵਿਚ 10 ਸਕਿੰਟ ਦੀ ਕਾਊਂਟਡਾਊਨ ਤੋਂ ਬਾਅਦ ਆਤਿਸ਼ਬਾਜ਼ੀ ਸ਼ੁਰੂ ਹੋ ਗਈ। ਇਹ 5 ਮਿੰਟ ਤਕ ਜਾਰੀ ਰਹੀ, ਇਸ ਦੀਆਂ ਤਿਆਰੀਆਂ 6 ਮਹੀਨੇ ਪਹਿਲਾਂ ਹੀ ਕੀਤੀਆਂ ਜਾ ਰਹੀਆਂ ਸਨ।

    2 ਘੰਟੇ ਬਾਅਦ ਆਸਟ੍ਰੇਲੀਆ ‘ਚ ਨਵੇਂ ਸਾਲ ਦਾ ਜਸ਼ਨ ਸ਼ੁਰੂ ਹੋ ਗਿਆ। ਆਕਲੈਂਡ ਦੇ ਸਕਾਈ ਟਾਵਰ ਵਰਗਾ ਨਜ਼ਾਰਾ ਇਥੇ ਸਿਡਨੀ ਦੇ ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਨੇੜੇ ਦੇਖਿਆ ਗਿਆ। ਹਾਰਬਰ ਬ੍ਰਿਜ ਅਤੇ ਓਪੇਰਾ ਹਾਊਸ ਨੇੜੇ 12 ਮਿੰਟ ਚੱਲੇ ਆਤਿਸ਼ਬਾਜ਼ੀ ਦੇ ਪ੍ਰਦਰਸ਼ਨ ਦੌਰਾਨ 8.5 ਟਨ ਪਟਾਕੇ ਚਲਾਏ ਗਏ। ਇਸ ਦੀ ਯੋਜਨਾ 15 ਮਹੀਨਿਆਂ ਤਕ ਚੱਲੀ ਸੀ। ਇਥੇ 10 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਦੱਖਣੀ ਕੋਰੀਆ, ਉੱਤਰੀ ਕੋਰੀਆ ਅਤੇ ਜਾਪਾਨ ਵਿਚ ਵੀ ਨਵਾਂ ਸਾਲ ਮਨਾਇਆ ਗਿਆ।

    ਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿਤੀ ਅਤੇ ਕਾਮਨਾ ਕੀਤੀ ਕਿ ਇਹ ਸਾਲ ਸਾਰਿਆਂ ਦੀ ਜ਼ਿੰਦਗੀ ‘ਚ ਖੁਸ਼ਹਾਲੀ ਲੈ ਕੇ ਆਵੇ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ, “ਸਾਰਿਆਂ ਨੂੰ 2024 ਮੁਬਾਰਕ! ਇਹ ਸਾਲ ਸਾਰਿਆਂ ਲਈ ਖੁਸ਼ਹਾਲੀ, ਸ਼ਾਂਤੀ ਅਤੇ ਬਿਹਤਰ ਸਿਹਤ ਲੈ ਕੇ ਆਵੇ”।