ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਚ ਪੰਜਾਬ ਦੇ ਇਕ ਸੈਲਾਨੀ ਦੀ ਹੱਤਿਆ ਕਰ ਦਿਤੀ ਗਈ। ਉਹ ਆਪਣੇ ਦੋਸਤਾਂ ਨਾਲ ਰੈਸਟੋਰੈਂਟ ਗਿਆ ਸੀ। ਉੱਥੇ ਸ਼ਰਾਬ ਪੀਣ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ‘ਚ ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਲੋਕਾਂ ਨੇ ਉਸ ਦੀ ਕੁੱਟਮਾਰ ਕੀਤੀ। ਇਸ ਲੜਾਈ ਵਿਚ ਉਸ ਦੇ ਸਿਰ ਵਿਚ ਡੂੰਘੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।

    ਇਹ ਘਟਨਾ ਧਰਮਸ਼ਾਲਾ ਦੇ ਮੈਕਲੋਡਗੰਜ ਥਾਣੇ ਅਧੀਨ ਭਾਗਸੁਨਾਗ ਦੀ ਹੈ। ਮ੍ਰਿਤਕ ਦੀ ਪਛਾਣ ਨਵਦੀਪ ਸਿੰਘ (33) ਵਾਸੀ ਗੁਰੂ ਤੇਗਬਹਾਦਰ ਨਗਰ ਟਿੱਬੀ, ਫਗਵਾੜਾ ਵਜੋਂ ਹੋਈ ਹੈ। ਪੁਲਿਸ ਨੇ ਇਸ ਮਾਮਲੇ ‘ਚ 6 ਲੋਕਾਂ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਦੋਸਤ ਸੰਜੀਵ ਕੁਮਾਰ ਨੇ ਦੱਸਿਆ ਕਿ ਉਹ ਅਤੇ ਉਸ ਦੇ ਚਾਰ ਦੋਸਤ ਬੁੱਧਵਾਰ ਨੂੰ ਫਗਵਾੜਾ ਤੋਂ ਧਰਮਸ਼ਾਲਾ ਦੇਖਣ ਆਏ ਸਨ। ਵੀਰਵਾਰ ਸਵੇਰੇ ਉਹ ਭਾਗਸੁਨਾਗ ਦੇ ਦਰਸ਼ਨਾਂ ਲਈ ਗਏ ਸਨ। ਉਹ ਸਵੇਰੇ ਕਰੀਬ 10 ਵਜੇ ਉੱਥੇ ਇੱਕ ਰੈਸਟੋਰੈਂਟ ਵਿੱਚ ਪਹੁੰਚੇ। ਜਿਉਂ ਹੀ ਅਸੀਂ ਮੇਜ਼ ਕੋਲ ਪਹੁੰਚੇ ਤਾਂ ਵੇਟਰ ਨੇ ਨੇੜੇ ਆ ਕੇ ਆਰਡਰ ਬਾਰੇ ਪੁੱਛਿਆ।

    ਫਿਰ ਉਨ੍ਹਾਂ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਕਿਹਾ ਕਿ ਅਸੀਂ ਇੱਥੇ ਬੈਠਾਂਗੇ, ਖਾਣਾ ਨਹੀਂ ਖਾਵਾਂਗੇ। ਇਸ ‘ਤੇ ਵੇਟਰ ਉੱਥੋਂ ਚਲਾ ਗਿਆ। ਕੁਝ ਸਮੇਂ ਬਾਅਦ ਉਹ ਵਾਪਸ ਆਇਆ ਅਤੇ ਕਿਹਾ ਕਿ ਇੱਥੇ ਸ਼ਰਾਬ ਨਹੀਂ ਪੀਣੀ । ਚਾਰੋਂ ਦੋਸਤਾਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਸ਼ਰਾਬ ਨਹੀਂ ਪੀ ਰਹੇ ਸਨ। ਸਵੇਰੇ-ਸਵੇਰੇ ਕੌਣ ਪੀਂਦਾ ਹੈ? ਇਸ ‘ਤੇ ਵੇਟਰ ਨੇ ਰੈਸਟੋਰੈਂਟ ਤੋਂ ਜਾਣ ਲਈ ਕਿਹਾ।

     

    ਸੰਜੀਵ ਦਾ ਕਹਿਣਾ ਹੈ ਕਿ ਜਦੋਂ ਚਾਰੋਂ ਉੱਠ ਕੇ ਚਲੇ ਗਏ ਤਾਂ ਵੇਟਰ ਨੇ ਨਵਦੀਪ ਨੂੰ ਪਿੱਛੇ ਤੋਂ ਧੱਕਾ ਦੇ ਦਿਤਾ। ਜਦੋਂ ਉਸ ਨੇ ਧੱਕੇ ਦਾ ਵਿਰੋਧ ਕੀਤਾ ਤਾਂ ਉਸ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਰੈਸਟੋਰੈਂਟ ‘ਚ ਕੰਮ ਕਰਨ ਵਾਲੇ ਹੋਰ ਲੋਕ ਵੀ ਮੌਕੇ ‘ਤੇ ਪਹੁੰਚ ਗਏ ਅਤੇ ਉਨ੍ਹਾਂ ਚਾਰਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿਤੀ।
    ਸੰਜੀਵ ਨੇ ਦੱਸਿਆ ਕਿ ਇਸ ਲੜਾਈ ‘ਚ ਨਵਦੀਪ ਜ਼ਮੀਨ ‘ਤੇ ਡਿੱਗ ਗਿਆ। ਜਦੋਂ ਅਸੀਂ ਉਸ ਨੂੰ  ਦੇਖਿਆ ਤਾਂ ਉਸ ਦੇ ਸਿਰ ‘ਚੋਂ ਖੂਨ ਨਿਕਲ ਰਿਹਾ ਸੀ। ਲੜਾਈ ਤੋਂ ਬਚ ਕੇ ਉਹ ਤੁਰੰਤ ਨਜ਼ਦੀਕੀ ਹਸਪਤਾਲ ਵੱਲ ਭੱਜੇ। ਜਦੋਂ ਉਥੇ ਡਾਕਟਰ ਨੇ ਇਨਕਾਰ ਕਰ ਦਿੱਤਾ ਤਾਂ ਉਹ ਉਸ ਨੂੰ ਵੱਡੇ ਹਸਪਤਾਲ ਲੈ ਗਏ। ਉਥੇ ਡਾਕਟਰ ਨੇ ਨਵਦੀਪ ਦੀ ਜਾਂਚ ਕਰਕੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

     

    ਨਵਦੀਪ ਆਪਣੇ 7 ਮੈਂਬਰੀ ਪਰਿਵਾਰ ਵਿਚ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ। ਉਸ ਦਾ 2 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਇੱਕ ਸਾਲ ਦਾ ਬੇਟਾ ਹੈ। ਸੰਜੀਵ ਦਾ ਕਹਿਣਾ ਹੈ ਕਿ ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵਾਰਦਾਤ ਵਿਚ ਹਥਿਆਰ ਦੀ ਵਰਤੋਂ ਕੀਤੀ ਗਈ ਸੀ ਜਾਂ ਨਹੀਂ ਪਰ, ਇਹ ਸਪੱਸ਼ਟ ਹੈ ਕਿ ਨਵਦੀਪ ਦੀ ਮੌਤ ਸਿਰ ‘ਤੇ ਸੱਟ ਲੱਗਣ ਕਾਰਨ ਹੋਈ ਹੈ।