ਕਪੂਰਥਲਾ : ਕਈ ਵਾਰ ਜ਼ਿੰਦਗੀ ਇਨਸਾਨ ਨੂੰ ਅਜਿਹੇ ਮੋੜ ’ਤੇ ਲਿਆ ਖੜ੍ਹੀ ਕਰਦੀ ਹੈ, ਜਿਥੇ ਖ਼ੁਸ਼ੀ ਦੇ ਹੰਝੂਆਂ ਨਾਲ ਦਰਦ ਦੀ ਚੁੱਪ ਵੀ ਰਲ ਜਾਂਦੀ ਹੈ। ਕਪੂਰਥਲਾ ਦੇ ਪਿੰਡ ਸ਼ਿਵ ਦਿਆਲ ਵਾਲਾ ਵਿਚੋਂ ਇਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ। ਇਥੇ 25 ਸਾਲਾਂ ਬਾਅਦ ਹੰਸਾ ਸਿੰਘ ਨਾਂ ਦਾ ਵਿਅਕਤੀ ਘਰ ਪਰਤਿਆ ਤਾਂ ਘਰ ਵਿਚ ਬਹੁਤ ਕੱੁਝ ਬਦਲ ਚੁੱਕਾ ਸੀ। ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹੇ ਹੰਸਾ ਸਿੰਘ ਜਦੋਂ 25 ਸਾਲ ਬਾਅਦ ਅਪਣੇ ਘਰ ਦੀਆਂ ਗਲੀਆਂ ’ਚ ਵਾਪਸ ਪਹੁੰਚਿਆ ਤਾਂ ਉਸ ਲਈ ਇਹ ਸਿਰਫ਼ ਵਾਪਸੀ ਨਹੀਂ ਸੀ, ਇਹ ਇਕ ਅਜਿਹਾ ਸੱਚ ਸੀ ਜੋ ਦਿਲ ਨੂੰ ਚੀਰ ਕੇ ਰੱਖ ਦੇਵੇ।ਜਿਸ ਘਰ ਨੂੰ ਉਹ ਅਪਣਾ ਸਮਝਦਾ ਸੀ, ਉਸ ਘਰ ’ਚ ਹੁਣ ਉਨ੍ਹਾਂ ਦੀ ਪਤਨੀ ਕਿਸੇ ਹੋਰ ਦੀ ਜੀਵਨ ਸਾਥੀ ਬਣ ਚੁੱਕੀ ਸੀ, ਉਹ ਵੀ ਉਸ ਦੇ ਹੀ ਛੋਟੇ ਭਰਾ ਦੀ। ਦਰਅਸਲ ਪ੍ਰਵਾਰ ਨੇ ਸਾਲਾਂ ਪਹਿਲਾਂ ਹੰਸਾ ਸਿੰਘ ਨੂੰ ਮ੍ਰਿਤਕ ਮੰਨ ਲਿਆ ਸੀ। ਰਿਵਾਜਾਂ ਅਤੇ ਮਜਬੂਰੀਆਂ ਦੇ ਵਿਚਕਾਰ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿਤਾ ਗਿਆ। 22 ਸਾਲਾਂ ਦੀ ਇਸ ਨਵੀਂ ਜ਼ਿੰਦਗੀ ’ਚ ਉਨ੍ਹਾਂ ਦੇ ਬੱਚੇ ਵੀ ਹਨ।  ਇਸ ਦੌਰਾਨ 25 ਸਾਲਾਂ ਬਾਅਦ ਜਦੋਂ ਹੰਸਾ ਸਿੰਘ ਵਾਪਸ ਆਇਆ ਤਾਂ ਉਹ ਖ਼ੁਸ਼ੀ ਦਾ ਪਲ ਤਾਂ ਸੀ ਪਰ ਇਸ ਖ਼ੁਸ਼ੀ ਦੇ ਨਾਲ ਅਨੇਕਾਂ ਸਵਾਲ ਵੀ ਖੜ੍ਹੇ ਹੋ ਗਏ।ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਜ਼ਿਲ੍ਹੇ ਦੇ ਰਹਿਣ ਵਾਲਾ ਹੰਸਾ ਸਿੰਘ 25 ਸਾਲ ਪਹਿਲਾਂ ਅਚਾਨਕ ਲਾਪਤਾ ਹੋ ਗਿਆ ਸੀ। ਪ੍ਰਵਾਰ ਨੇ ਹਰ ਥਾਂ ਉਸ ਦੀ ਭਾਲ ਕੀਤੀ ਪਰ ਕੋਈ ਸੁਧ ਨਹੀਂ ਮਿਲੀ। ਤਿੰਨ ਸਾਲ ਇੰਤਜ਼ਾਰ ਕਰਨ ਮਗਰੋਂ ਪ੍ਰਵਾਰ ਨੇ ਉਮੀਦ ਛੱਡ ਦਿਤੀ ਅਤੇ ਉਸ ਨੂੰ ਮ੍ਰਿਤਕ ਮੰਨ ਲਿਆ। ਸਮਾਜਕ ਰਿਵਾਜਾਂ ਮੁਤਾਬਕ ਉਸ ਦੀ ਪਤਨੀ ਦਾ ਵਿਆਹ ਛੋਟੇ ਭਰਾ ਨਾਲ ਕਰ ਦਿਤਾ ਗਿਆ।ਇਸ ਵਿਆਹ ਨੂੰ ਹੁਣ 22 ਸਾਲ ਹੋ ਚੁੱਕੇ ਹਨ ਅਤੇ ਦੋਹਾਂ ਦੇ ਦੋ ਬੱਚੇ ਵੀ ਹਨ। ਸੱਭ ਕੱੁਝ ਠੀਕ ਚਲ ਰਿਹਾ ਸੀ ਕਿ ਅਚਾਨਕ 25 ਸਾਲ ਬਾਅਦ ਹੰਸਾ ਸਿੰਘ ਵਾਪਸ ਆ ਗਿਆ। ਉੱਤਰ ਪ੍ਰਦੇਸ਼ ਦੇ ਨਰਥੌਰ ਦੇ ਨਵੇਂ ਬਾਜ਼ਾਰ ’ਚ ਇਕ ਵਿਅਕਤੀ ਫਟੇ ਕਪੜਿਆਂ ਅਤੇ ਲੰਮੀ ਦਾੜ੍ਹੀ ਨਾਲ ਭਟਕਦਾ ਮਿਲਿਆ। ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਅਤੇ ਪੁਲਿਸ ਨੂੰ ਸੂਚਨਾ ਦਿਤੀ ਗਈ। ਥਾਣਾ ਇੰਚਾਰਜ ਰਵਿੰਦਰ ਪ੍ਰਤਾਪ ਸਿੰਘ ਮੌਕੇ ’ਤੇ ਪਹੁੰਚੇ ਅਤੇ ਉਸ ਵਿਅਕਤੀ ਨਾਲ ਗੱਲਬਾਤ ਕੀਤੀ। ਸ਼ੁਰੂ ਵਿਚ ਉਹ ਕੁੱਝ ਸਾਫ਼ ਨਹੀਂ ਦਸ ਸਕਿਆ ਪਰ ਹੌਲੀ-ਹੌਲੀ ਉਸ ਨੇ ਅਪਣਾ ਨਾਮ ਹੰਸਾ ਸਿੰਘ ਦਸਿਆ।ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕੀਤੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਪੁਲਿਸ ਨਾਲ ਵੀ ਸੰਪਰਕ ਕੀਤਾ ਗਿਆ। 72 ਘੰਟਿਆਂ ’ਚ ਪ੍ਰਵਾਰਕ ਮੈਂਬਰ ਨਰਥੌਰ ਪਹੁੰਚ ਗਏ। ਪਹਿਲਾਂ ਉਹ ਉਸ ਨੂੰ ਪਛਾਣ ਨਹੀਂ ਸਕੇ ਕਿਉਂਕਿ 25 ਸਾਲਾਂ ’ਚ ਉਸ ਦਾ ਰੂਪ ਬਦਲ ਚੁੱਕਾ ਸੀ ਪਰ ਜਦੋਂ ਭਰਾਵਾਂ ਅਤੇ ਪਿੰਡ ਦੇ ਸਰਪੰਚ ਨੇ ਬਚਪਨ ਦੀਆਂ ਯਾਦਾਂ ਅਤੇ ਘਟਨਾਵਾਂ ਬਾਰੇ ਪੁਛਿਆ ਤਾਂ ਉਹ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਪ੍ਰਵਾਰ ਲਈ ਬਹੁਤ ਖ਼ੁਸ਼ੀ ਦਾ ਪਲ ਸੀ ਕਿ ਜੋ ਮੈਂਬਰ ਸਦਾ ਲਈ ਖੋ ਗਿਆ ਸੀ, ਉਹ ਵਾਪਸ ਮਿਲ ਗਿਆ ਪਰ ਇਸ ਨਾਲ ਇਕ ਵੱਡੀ ਸਮੱਸਿਆ ਵੀ ਖੜ੍ਹੀ ਹੋ ਗਈ।ਸੱਭ ਤੋਂ ਵੱਡੀ ਚੁਣੌਤੀ ਵਿਮਲਾ ਦੇਵੀ ਸਾਹਮਣੇ ਹੈ, ਉਹ ਹੁਣ ਕਿਸ ਨੂੰ ਤਰਜੀਹ ਦੇਵੇ? ਇਕ ਪਾਸੇ ਉਸ ਦਾ ਪਹਿਲਾ ਪਤੀ ਹੰਸਾ ਸਿੰਘ ਹੈ, ਜੋ 25 ਸਾਲ ਬਾਅਦ ਵਾਪਸ ਆਇਆ ਹੈ, ਦੂਜੇ ਪਾਸੇ ਸੁਖ ਸਿੰਘ ਹੈ, ਜਿਸ ਨੇ 22 ਸਾਲ ਉਸ ਦਾ ਸਾਥ ਦਿਤਾ ਅਤੇ ਉਨ੍ਹਾਂ ਦੇ ਬੱਚਿਆਂ ਦਾ ਪਿਤਾ ਹੈ। ਇਸ ਘਟਨਾ ਨੇ ਸਿਰਫ਼ ਭਾਵਨਾਤਮਕ ਹੀ ਨਹੀਂ, ਸਗੋਂ ਸਮਾਜਕ ਅਤੇ ਕਾਨੂੰਨੀ ਪੱਧਰ ’ਤੇ ਵੀ ਇਕ ਵੱਡੀ ਪਹੇਲੀ ਖੜ੍ਹੀ ਕਰ ਦਿਤੀ ਹੈ। ਪ੍ਰਵਾਰ ਬਹੁਤ ਮੁਸ਼ਕਲ ਹਾਲਾਤ ’ਚ ਹੈ। ਇਸ ਸਾਰੇ ਮਾਮਲੇ ’ਚ ਨਰਥੌਰ ਪੁਲਿਸ ਦੀ ਭੂਮਿਕਾ ਦੀ ਵੀ ਕਾਫ਼ੀ ਸ਼ਲਾਘਾ ਹੋ ਰਹੀ ਹੈ।ਉਨ੍ਹਾਂ ਨੇ ਸੰਵੇਦਨਸ਼ੀਲ ਤਰੀਕੇ ਨਾਲ ਉਸ ਵਿਅਕਤੀ ਦੀ ਪਛਾਣ ਕੀਤੀ ਜਿਸ ਨੂੰ ਲੋਕ ਭਿਖਾਰੀ ਸਮਝ ਰਹੇ ਸਨ, ਉਸ ਦੀ ਸੰਭਾਲ ਕੀਤੀ, ਨਵੇਂ ਕਪੜੇ ਦਿਤੇ ਅਤੇ ਧੀਰਜ ਨਾਲ ਗੱਲਬਾਤ ਕਰ ਕੇ ਉਸ ਨੂੰ ਉਸ ਦੇ ਪ੍ਰਵਾਰ ਨਾਲ ਮਿਲਾਇਆ। ਸੱਭ ਤੋਂ ਦਰਦਨਾਕ ਪਲ ਉਹ ਸੀ ਜਦੋਂ ਹੰਸਾ ਸਿੰਘ ਨੂੰ ਅਪਣੀ ਪਤਨੀ ਵਲੋਂ ਸਵੀਕਾਰ ਨਾ ਕੀਤਾ ਗਿਆ। ਸਮੇਂ ਨੇ ਉਸ ਲਈ ਨਵਾਂ ਰਾਹ ਬਣਾਇਆ ਸੀ ਜਿਸ ’ਚ ਹੰਸਾ ਸਿੰਘ ਲਈ ਕੋਈ ਥਾਂ ਨਹੀਂ ਬਚੀ ਸੀ। ਅਜਿਹੇ ਹਾਲਾਤ ਵਿਚ ਹੁਣ ਹੰਸਾ ਸਿੰਘ ਅਪਣੇ ਭਰਾਵਾਂ ਦੇ ਨਾਲ ਰਹਿ ਰਿਹਾ ਹੈ, ਉਹੀ ਭਰਾ ਜਿਨ੍ਹਾਂ ਨਾਲ ਕਦੇ ਖੇਡਦੇ-ਕੂਦਦੇ ਬਚਪਨ ਬਤੀਤ ਕੀਤਾ ਸੀ, ਅੱਜ ਉਹੀ ਉਸ ਦਾ ਇਕੱਲਾ ਸਹਾਰਾ ਬਣੇ ਹੋਏ ਹਨ।