ਬਿਹਾਰ ਦੇ ਦਰਭੰਗਾ ਵਿਚ ਇਕ ਵੱਡਾ ਹਾਦਸਾ ਵਾਪਰਿਆ ਹੈ। ਇਥੇ ਇਕ ਵਿਆਹ ਸਮਾਗਮ ਦੌਰਾਨ ਆਤਿਸ਼ਬਾਜ਼ੀ ਕਾਰਨ ਇੱਕ ਘਰ ਨੂੰ ਅੱਗ ਲੱਗ ਗਈ। ਇਸ ਕਾਰਨ ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਦਰਭੰਗਾ ਜ਼ਿਲ੍ਹੇ ਦੇ ਅਲੀਨਗਰ ਬਲਾਕ ਦੇ ਅੰਟੋਰ ਪਿੰਡ ਦੀ ਹੈ। ਇਥੇ ਪਿੰਡ ਵਿਚ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਲੋਕ ਵਿਆਹ ਵਿੱਚ ਆਤਿਸ਼ਬਾਜ਼ੀ ਚਲਾ ਰਹੇ ਸਨ। ਇਸ ਦੌਰਾਨ ਕਿਸੇ ਤਰ੍ਹਾਂ ਪਟਾਕਿਆਂ ਦੀ ਚੰਗਿਆੜੀ ਕਾਰਨ ਘਰ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ ‘ਚ ਅੱਗ ਇੰਨੀ ਫੈਲ ਗਈ ਕਿ ਉਸ ਨੂੰ ਬੁਝਾਉਣਾ ਮੁਸ਼ਕਿਲ ਹੋ ਗਿਆ।ਅੱਗ ਘਰ ਵਿੱਚ ਰੱਖੇ ਗੈਸ ਸਿਲੰਡਰ ਤੱਕ ਪਹੁੰਚ ਗਈ ਅਤੇ ਕੁਝ ਸਮੇਂ ਬਾਅਦ ਸਿਲੰਡਰ ਫਟ ਗਿਆ। ਇਸ ਤੋਂ ਬਾਅਦ ਦਰਵਾਜ਼ੇ ‘ਤੇ ਰੱਖੇ ਡੀਜ਼ਲ ਦੇ ਡਰੰਮ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕੁਝ ਹੀ ਦੇਰ ਵਿੱਚ ਸਾਰੇ ਘਰ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।
ਹਰ ਪਾਸੇ ਰੌਲਾ ਪੈ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਆਸਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਫੈਲ ਗਈ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ।
ਇਸ ਘਟਨਾ ‘ਚ ਇਕੋ ਪਰਿਵਾਰ ਦੇ 6 ਲੋਕ ਅੱਗ ਦੀ ਲਪੇਟ ‘ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਡੀਐਮ ਰਾਜੀਵ ਰੋਸ਼ਨ ਨੇ ਦੱਸਿਆ ਕਿ ਟੀਮ ਘਟਨਾ ਦੀ ਜਾਂਚ ਲਈ ਰਵਾਨਾ ਹੋ ਗਈ ਹੈ।