ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਨੂੰ ਨਵੀਂ ਸਪੋਰਟਸ ਨੀਤੀ ਤਹਿਤ ਦੁਬਾਰਾ ਨੰਬਰ-1 ਬਣਾਏ ਜਾਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮੈਡਲ ਲਿਆਉਣ ਵਾਲੇ ਖਿਡਾਰੀਆਂ ਦੀ ਨੌਕਰੀ ਪੱਕੀ ਹੋਵੇਗੀ। ਨਾਲ ਹੀ ਉੁਨ੍ਹਾਂ ਨੂੰ ਓਲੰਪਿਕ ਗੇਮਸ ਦੀ ਤਿਆਰੀ ਲਈ 15 ਲੱਖ ਤੇ ਏਸ਼ੀਅਨ ਗੇਮਸ ਲਈ 8 ਲੱਖ ਰੁਪਏ ਦਿੱਤੇ ਜਾਣਗੇ।

    ਖੇਡ ਮੰਤਰੀ ਨੇ ਕਿਹਾ ਕਿ ਨਵੀਂ ਸਪੋਰਟਸ ਪਾਲਿਸੀ ਤਹਿਤ ਕਈ-ਕਈ ਚੀਜ਼ਾਂ ਨੂੰ ਜੋੜਿਆ ਗਿਆ ਹੈ। ਇਸ ਲਈ ਖਿਡਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ। ਪੰਜਾਬ ਵਿਚ ਸਪੋਰਟਸ ਦਾ ਮਾਹੌਲ ਦੇਣਾ ਜ਼ਰੂਰੀ ਹੈ।ਬੱਚਿਆਂ ਨੂੰ ਗਰਾਊਂਡ ਨਾਲ ਜੋੜੇ ਜਾਣ ‘ਤੇ ਵਿਚਾਰ ਕੀਤਾ ਗਿਆ। ਇਸ ਤਹਿਤ ਪੰਜਾਬ ਭਰ ਵਿਚ 1000 ਸਪੋਰਟਸ ਨਰਸਰੀ ਖੋਲ੍ਹਣ ਦਾ ਫੈਸਲਾ ਲਿਆ ਗਿਆ। ਹਰ ਚਾਰ ਕਿਲੋਮੀਟਰ ‘ਤੇ ਇਕ ਨਰਸਰੀ ਖੋਲ੍ਹੀ ਜਾਵੇਗੀ। ਇਨ੍ਹਾਂ ਵਿਚ ਸਟੇਟ/ਨੈਸ਼ਨਲ ਪੱਧਰ ਦੇ ਖਿਡਾਰੀ ਤੇ ਕੋਚ ਰੱਖੇ ਜਾਣਗੇ ਜੋ ਕੋਲ ਦੇ ਪਿੰਡਾਂ ਦੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਾਉਣਗੇ। ਇਨ੍ਹਾਂ ਵਿਚੋਂ 6-17 ਸਾਲ ਤੱਕ ਦੀ ਉਮਰ ਦੇ ਬੱਚੇ ਆਉਣਗੇ ਤੇ ਇਨ੍ਹਾਂ ਦੀ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

    ਖੇਡ ਮੰਤਰੀ ਨੇ ਦੱਸਿਆ ਕਿ ਪੰਜਾਬ ਦੇ ਸਪੋਰਟਸ ਸੈਂਟਰ ਜਲੰਧਰ, ਮਾਲਪੁਰ, ਮੋਹਾਲੀ, ਪਟਿਆਲਾ, ਲੁਧਿਆਣਾ, ਬਠਿੰਡਾ ਤੇ ਅੰਮ੍ਰਿਤਸਰ ਨੂੰ ਵੀ ਆਗਾਮੀ ਸਮੇਂ ਵਿਚ ਨਵੀਂ ਤਕਨੀਕ ਦੇ ਨਾਲ ਅਪਗਰੇਡ ਕੀਤਾ ਜਾਵੇਗਾ। ਮੌਜੂਦਾ ਸਮੇਂ ਪੰਜਾਬ ਵਿਚ ਸਿਰਫ 309 ਕੋਚ ਹਨ ਪਰ ਆਗਾਮੀ ਸਮੇਂ ਵਿਚ ਇਨ੍ਹਾਂ ਦੀ ਗਿਣਤੀ ਵਧਾ ਕੇ 2360 ਕੀਤੀ ਜਾਵੇਗੀ।

    ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ 35 ਰਜਿਸਟਰਡ ਖੇਡਾਂ ਦੀ ਗ੍ਰੇਡੇਸ਼ਨ ਸਣੇ ਓਲੰਪਿਕ, ਕੋਮਨਵੈਲਥ ਤੇ ਏਸ਼ੀਅਨ ਵਿਚ ਖੇਡੇ ਜਾਣ ਵਾਲੀ ਗੇਮਸ ਦੀ ਗ੍ਰੇਡੇਸ਼ਨ ਵੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੀਟੀਆਈ ਟੀਚਰਾਂ ਦੀ ਭਰਤੀ ਕੀਤੀ ਜਾਵੇਗੀ ਜੋ ਨਰਸਰੀ ਤੋਂ 5ਵੀਂ ਤੱਕ ਦੇ ਬੱਚਿਆਂ ਨੂੰ ਟ੍ਰੇਨਿੰਗ ਦੇਣਗੇ। ਇਸ ਨਾਲ ਉਨ੍ਹਾਂ ਨੂੰ ਉਪਲਬਧੀਆਂ ਹਾਸਲ ਕਰਨ ‘ਤੇ 30 ਫੀਸਦੀ ਫਾਇਦਾ ਦਿੱਤਾ ਜਾ ਸਕੇਗਾ।

    ਪੰਜਾਬ ਦੇ ਕੌਮੀ ਤੇ ਅੰਤਰਰਾਸ਼ਟਰੀ ਖਿਡਾਰੀਆਂ ਨੂੰ ਪੂਰੀ ਪ੍ਰੋਫਾਈਲ ਪੰਜਾਬ ਸਰਕਾਰ ਵੱਲੋਂ ਬਣਾਈ ਜਾ ਰਹੀ ਵੈੱਬਸਾਈਟ ‘ਤੇ ਅਪਲੋਡ ਕੀਤੀ ਜਾਵੇਗੀ। ਇਕ ਨਵਾਂ ਯੂਟਿਊਬ ਚੈਨਲ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਚੋਣਾਂ ਦੇ ਨੇੜੇ ਮੈਡਲ ਲਿਆਉਣ ਵਾਲੇ ਖਿਡਾਰੀਆਂ ਨੂੰ ਕੈਸ਼ ਐਵਾਰਡ ਤੇ ਨੌਕਰੀ ਦੇ ਦਿੱਤੀ ਜਾਂਦੀ ਸੀ ਪਰ ਬਾਕੀ ਸਮੇਂ ਨਾ ਨੌਕਰੀ ਦਿੱਤੀ ਜਾਂਦੀ ਸੀ ਤੇ ਨਾ ਹੀ ਕੈਸ਼ ਐਵਾਰਡ ਪਰ ਪੰਜਾਬ ਸਰਕਾਰ ਨੇ ਹੁਣ ਇਸ ਨੂੰ ਪਾਲਿਸੀ ਦਾ ਹਿੱਸਾ ਬਣਾ ਕੇ 500 ਨਵੇਂ ਅਹੁਦਿਆਂ ਦਾ ਸਿਰਜਣ ਕੀਤਾ ਹੈ।

    ਮੰਤਰੀ ਨੇ ਕਿਹਾ ਕਿ ਏਸ਼ੀਅਨ ਗੇਮਸ ਦੀ ਤਿਆਰੀ ਕਰਰਹੇ ਖਿਡਾਰੀਆਂ ਨੂੰ ਹੁਣ ਪੰਜਾਬ ਸਪੋਰਟਸ ਦੀ ਵੈੱਬਸਾਈਟ ਤੋਂ ਪਤਾ ਲੱਗੇਗਾ ਕਿ ਉਨ੍ਹਾਂ ਨੂੰ ਗੋਲਡ, ਸਿਵਲਰ ਤੇ ਬ੍ਰਾਂਜ ਮੈਡਲ ਆਉਣ ‘ਤੇ ਖੇਡ ਵਿਭਾਗ ਵਿਚ ਕਿਸ ਅਹੁਦੇ ‘ਤੇ ਨੌਕਰੀ ਮਿਲੇਗੀ। ਜੇਕਰ ਕੋਈ ਖਿਡਾਰੀ ਓਲੰਪਿਕ ਵਿਚ ਕੁਆਲੀਫਾਈ ਲਈ ਜਾ ਰਿਹਾ ਹੋਵੇਗਾ ਤਾਂ ਉਸ ਨੂੰ ਤਿਆਰੀ ਲਈ ਮਾਨ ਸਰਕਾਰ 15 ਲੱਖ ਰੁਪਏ ਦੇਵੇਗੀ। ਏਸ਼ੀਅਨ ਗੇਮਸ ਦੀ ਤਿਆਰੀ ਲਈ 8 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲਾਂ ਬਣਾਈ ਗਈ ਪਾਲਿਸੀ ਤਹਿਤ ਕਈ ਮੁੱਖ ਗੇਮਸ ਤੱਕ ਸ਼ਾਮਲ ਨਹੀਂ ਕੀਤੀ ਗਈ ਸੀ। ਬੈਡਮਿੰਟਨ ਦੇ ਥਾਮਸ ਕੱਪ ਜਿੱਤ ਕੇ ਪਰਤੇ ਖਿਡਾਰੀ ਲਈ ਕੋਈ ਇਨਾਮੀ ਰਕਮ ਨਹੀਂ ਸੀ ਪਰ ਹੁਣ ਪਹਿਲੀ ਵਾਰ ਸਾਰੀਆਂ ਗੇਮਸ ਨੂੰ ਜੋੜਿਆ ਗਿਆ ਹੈ।

    ਪੰਜਾਬ ਸਾਲ 2001 ਤੱਕ ਰਾਸ਼ਟਰੀ ਖੇਡਾਂ ਵਿਚ ਨੰਬਰ-1 ਸੀ ਪਰ ਲਗਾਤਾਰ ਖਿਸਕਦੇ ਹੋਏ 10ਵੇਂ ਨੰਬਰ ‘ਤੇ ਪਹੁੰਚ ਗਿਆ ਹੈ ਪਰ ਹੁਣ ਪੰਜਾਬ ਵਿਚ ਆਪ ਸਰਕਾਰ ਗਠਿਤ ਹੋਣ ਦੇ ਬਾਅਦ ਸਾਲ 2022 ਵਿਚ ਖੇਡਾਂ ਵਤਨ ਪੰਜਾਬ ਆਯੋਜਿਤ ਕੀਤੀ ਗਈ। ਇਸ ਵਿਚ ਬੀਤੇ ਸਾਲ 3 ਲੱਖ ਤੋਂ ਵੱਧ ਬੱਚਿਆਂ ਨੇ ਹਿੱਸੇਦਾਰੀ ਕੀਤੀ।