ਗੁਰਦਾਸਪੁਰ – ਬਟਾਲਾ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਪਿੰਡ ਚੌਧਰੀਵਾਲ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਾ ਮਸੀਹ ਪੁੱਤਰ ਮੁਬਾਰਕ ਮਸੀਹ ਅਤੇ ਉਸ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਹਨਾਂ ਲੜਕਾ ਕਾਂਸ਼ੀ ਮਸੀਹ ਉਮਰ ਕਰੀਬ 18 ਸਾਲ ਜੋ ਕਿਸੇ ਕੰਪਨੀ ਵਿਚ ਕੰਮ ਕਰਦਾ ਸੀ ਅਤੇ ਕੱਲ੍ਹ ਕੰਪਨੀ ਵਿਚੋਂ ਵਾਪਸ ਪਿੰਡ ਆਇਆ ਸੀ ਅਤੇ ਆਉਣ ਸਾਰ ਹੀ ਘਰੋਂ ਬਾਹਰ ਨੂੰ ਚਲਾ ਗਿਆ ਤੇ ਸ਼ਾਮ ਨੂੰ ਸਾਡੇ ਘਰ ਆ ਕੇ ਕਿਸੇ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਝਾੜੀਆਂ ਵਿਚ ਨਸ਼ੇ ਦੀ ਹਾਲਤ ਵਿਚ ਪਿਆ ਹੈ

ਜਦ ਅਸੀਂ ਚੁੱਕ ਕੇ ਉਸ ਨੂੰ ਘਰ ਲਿਆਂਦਾ ਤਾਂ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਲੜਕੇ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਸ਼ਾਇਦ ਨਸ਼ੇ ਦੀ ਓਵਰਡੋਜ਼ ਨਾਲ ਮੁੰਡੇ ਦੀ ਮੌਤ ਹੋ ਗਈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੋ ਨੌਜਵਾਨ ਨਸ਼ਾ ਵੇਚਣ ਦਾ ਕਾਰੋਬਾਰ ਕਰ ਰਹੇ ਹਨ, ਉਹਨਾਂ ‘ਤੇ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹਨਾਂ ਨੂੰ ਜੇਲ੍ਹ ‘ਚ ਸੁੱਟਣਾ ਚਾਹੀਦਾ ਹੈ।