ਲੁਧਿਆਣ : ਟਿੱਪਰ ਚਾਲਕ ਦੀ ਲਾਪਰਵਾਹੀ ਦੇ ਚਲਦੇ 23 ਵਰ੍ਹਿਆਂ ਦੇ ਨੌਜਵਾਨ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਦੌਰਾਨ ਨੌਜਵਾਨ ਦਾ ਦੋਸਤ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ। ਦਰਅਸਲ ਨੌਜਵਾਨ ਆਪਣੇ ਦੋਸਤ ਨਾਲ ਕਾਰ ਵਿੱਚ ਸਵਾਰ ਹੋ ਕੇ ਤੜਕੇ ਪੌਣੇ ਚਾਰ ਵਜੇ ਪਾਰਟੀ ਤੋਂ ਘਰ ਵਾਪਸ ਪਰਤ ਰਿਹਾ ਸੀ। ਚਾਲਕ ਨੇ ਲੁੱਕ ਪਾਉਣ ਵਾਲਾ ਟਿੱਪਰ ਬਿਨਾਂ ਇੰਡੀਕੇਟਰ ਦਿੱਤੇ ਰਸਤੇ ਵਿੱਚ ਖੜਾ ਕੀਤਾ ਹੋਇਆ ਸੀ। ਹਨੇਰਾ ਹੋਣ ਕਾਰਨ ਨੌਜਵਾਨ ਨੂੰ ਟਿੱਪਰ ਬਾਰੇ ਪਤਾ ਨਾ ਲੱਗਿਆ ਅਤੇ ਉਸਦੀ ਤੇਜ਼ ਰਫਤਾਰ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਗੋਬਿੰਦ ਨਗਰ ਸ਼ਿਮਲਾਪੁਰੀ ਦੇ ਵਾਸੀ ਸੁਖਵੀਰ ਸਿੰਘ ਦੀ ਸ਼ਿਕਾਇਤ ਤੇ ਟਿੱਪਰ ਦੇ ਅਣਪਛਾਤੇ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਨੌਜਵਾਨ ਜਗਵੀਰ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮ੍ਰਿਤਕ ਦੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੁਖਵੀਰ ਸਿੰਘ ਨੇ ਦੱਸਿਆ ਉਹ ਆਪਣੇ ਭਰਾ ਜਗਵੀਰ ਸਿੰਘ ਨਾਲ ਸੰਗੋਵਾਲ ਇਲਾਕੇ ਵਿੱਚ ਇੱਕ ਪਾਰਟੀ ਤੇ ਗਿਆ ਹੋਇਆ ਸੀ। ਰਾਤ ਸਾਢੇ 3 ਵਜੇ ਦੇ ਕਰੀਬ ਸੁਖਵੀਰ ਉਸਦਾ ਭਰਾ ਜਗਵੀਰ ਅਤੇ ਉਸ ਦਾ ਦੋਸਤ ਹਰਪ੍ਰੀਤ ਸਿੰਘ ਘਰ ਵੱਲ ਨੂੰ ਚੱਲ ਪਏ। ਜਗਵੀਰ ਅਤੇ ਹਰਪ੍ਰੀਤ ਇੱਕ ਕਾਰ ਵਿੱਚ ਸਵਾਰ ਹੋ ਗਏ ਜਦਕਿ ਸੁਖਵੀਰ ਆਪਣੀ ਕਾਰ ਵਿੱਚ ਸਵਾਰ ਹੋ ਕੇ ਉਨ੍ਹਾਂ ਦੇ ਪਿੱਛੇ ਆਉਣ ਲੱਗ ਪਿਆ। ਈਸ਼ਰ ਨਗਰ ਨਹਿਰ ਪੁੱਲ ਦੇ ਲਾਗੇ ਚਾਲਕ ਨੇ ਲੁੱਕ ਪਾਉਣ ਵਾਲਾ ਟਰੱਕ ਬਿਨਾਂ ਇੰਡੀਕੇਟਰ ਦਿੱਤੇ ਖੜਾ ਕੀਤਾ ਹੋਇਆ ਸੀ। ਹਨੇਰਾ ਹੋਣ ਕਾਰਨ ਕਾਰ ਚਾਲਕ ਹਰਪ੍ਰੀਤ ਨੂੰ ਟਿੱਪਰ ਬਾਰੇ ਪਤਾ ਨਾ ਲੱਗਿਆ ਅਤੇ ਉਸ ਦੀ ਤੇਜ਼ ਰਫਤਾਰ ਕਾਰ ਟਿੱਪਰ ਨਾਲ ਟਕਰਾ ਗਈ। ਭਿਆਨਕ ਹਾਦਸਾ ਵਾਪਰਿਆ ਦੇਖ ਸੁਖਵੀਰ ਸਿੰਘ ਤੁਰੰਤ ਆਪਣੀ ਕਾਰ ਚੋਂ ਹੇਠਾਂ ਉਤਰਿਆ ਤਾਂ ਉਸ ਨੇ ਦੇਖਿਆ ਕਿ ਜਗਵੀਰ ਸਿੰਘ ਦੀ ਮੌਤ ਹੋ ਚੁੱਕੀ ਸੀ। ਇਸ ਹਾਦਸੇ ਦੇ ਦੌਰਾਨ ਗੰਭੀਰ ਰੂਪ ਵਿੱਚ ਫੱਟੜ ਹੋਏ ਹਰਪ੍ਰੀਤ ਸਿੰਘ ਨੂੰ ਇਲਾਜ ਲਈ ਲਾਗੇ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਮਾਮਲੇ ਵਿੱਚ ਤਫਤੀਸ਼ੀ ਅਫਸਰ ਏਐਸਆਈ ਸਤਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਕਦਮਾ ਦਰਜ ਕਰਕੇ ਮੁਲਜ਼ਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।