ਨਵੀਂ ਦਿੱਲੀ: ਬਾਰਸ਼ ਕਾਰਨ ਦੇਸ਼ ਦੇ ਕਈ ਸ਼ਹਿਰਾਂ ‘ਚ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਬਿਹਾਰ ‘ਚ ਹੜ੍ਹਾਂ ਜਿਹੀ ਸਥਿਤੀ ਹੈ ਜਦਕਿ ਮੁੰਬਈ ‘ਚ ਵੀ ਕਈ ਥਾਈਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ‘ਚ ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਹਾਕੀ ਖਿਡਾਰੀ ਯੁਵਰਾਜ ਵਾਲਮੀਕੀ ਦੇ ਘਰ ‘ਚ ਵੀ ਪਾਣੀ-ਪਾਣੀ ਹੋ ਗਿਆ। ਯੁਵਰਾਜ ਨੇ ਆਪਣੇ ਟਵਿਟਰ ਅਕਾਊਂਟ ‘ਤੇ ਵੀਡੀਓ ਸਾਂਝੀ ਕੀਤੀ, ਜਿਸ ‘ਚ ਉਨ੍ਹਾਂ ਨੂੰ ਆਪਣੇ ਫਲੈਟ ਦੇ ਡਰਾਇੰਗ ਰੂਮ ਤੱਕ ਭਰੇ ਪਾਣੀ ਨੂੰ ਬਾਹਰ ਕੱਢਦੇ ਹੋਏ ਦੇਖਿਆ ਜਾ ਸਕਦਾ ਹੈ। ਯੁਵਰਾਜ ਨੇ ਇਸ 28 ਸਕਿੰਟ ਦੇ ਵੀਡੀਓ ‘ਚ ਮੁੰਬਈ ਨਗਰ ਨਿਗਮ ਤੋਂ ਇਲਾਵਾ ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਤੋਂ ਵੀ ਮਦਦ ਮੰਗੀ। ਮੁੰਬਈ ਤੇ ਇਸ ਦੇ ਨਜ਼ਦੀਕ ਦੇ ਇਲਾਕਿਆਂ ‘ਚ ਭਾਰੀ ਬਾਰਸ਼ ਦੇ ਚੱਲਦਿਆਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਵੀਰਵਾਰ ਵੀ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। 30 ਸਾਲ ਦੇ ਯੁਵਰਾਜ ਨੀਦਰਲੈਂਡ ਦੇ ਹੇਗ ‘ਚ 2014 ਵਿਸ਼ਵ ਕੱਪ ਖੇਡਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ।