ਮੁਹਾਲੀ ਦੇ ਸੈਕਟਰ 78-79 ਦੇ ਲਾਈਟ ਪੁਆਇੰਟ ’ਤੇ ਬੀਤੀ ਦੇਰ ਰਾਤ 2 ਗੱਡੀਆਂ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ‘ਚ ਇਨੋਵਾ ਚਾਲਕ ਮੁਹੰਮਦ ਅਸਲਮ, ਕਾਰ ਡੀਲਰ ਵਾਸੀ ਜੰਮੂ ਕਸ਼ਮੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਕਾਰਪੀਓ ‘ਚ ਸਵਾਰ ਡੀ.ਏ.ਵੀ. ਕਾਲਜ ਚੰਡੀਗੜ੍ਹ ਸੈਕਟਰ 10 ਦੇ ਵਿਦਿਆਰਥੀ ਆਰਿਆ ਸ਼ਰਮਾ (21) ਦੀ ਇਲਾਜ ਦੌਰਾਨ ਮੌਤ ਹੋ ਗਈ |

    ਇਸ ਹਾਦਸੇ ਵਿਚ ਸਕਾਰਪੀਓ ਚਾਲਕ ਅਰਜੁਨ ਅਤੇ ਉਸ ਦਾ ਦੋਸਤ ਵੀ ਜ਼ਖ਼ਮੀ ਹੋ ਗਿਆ ਹੈ। ਤਫ਼ਤੀਸ਼ ਦੇ ਆਧਾਰ ’ਤੇ ਥਾਣਾ ਸੋਹਾਣਾ ਪੁਲਿਸ ਨੇ ਸਕਾਰਪੀਓ ਚਾਲਕ ਅਰਜੁਨ ਖ਼ਿਲਾਫ਼ ਅਪਰਾਧਿਕ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਐਤਵਾਰ ਨੂੰ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ। ਮ੍ਰਿਤਕ ਆਰਿਆ ਸ਼ਰਮਾ ਮਾਪਿਆਂ ਦਾ ਇਕਲੌਤਾ ਪੁੱਤ ਸੀ।

    ਇਸ ਮਾਮਲੇ ਦੇ ਜਾਂਚ ਅਧਿਕਾਰੀ ਰਾਜਕੁਮਾਰ ਅਨੁਸਾਰ ਚੰਡੀਗੜ੍ਹ ਦੇ ਰਹਿਣ ਵਾਲੇ ਅਰਜੁਨ ਅਤੇ ਆਰਿਆ ਸ਼ਰਮਾ ਚੰਡੀਗੜ੍ਹ ਸੈਕਟਰ-10 ਸਥਿਤ ਡੀ.ਏ.ਵੀ. ਕਾਲਜ ਦੇ ਵਿਦਿਆਰਥੀ ਹਨ। ਹਾਦਸੇ ਸਮੇਂ ਉਹ ਲਾਂਡਰਾ ਦੇ ਇਕ ਢਾਬੇ ‘ਤੇ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਪਣੇ ਘਰ ਵੱਲ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਦੀ ਰਫਤਾਰ ਕੁੱਝ ਜ਼ਿਆਦਾ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਵਿਅਕਤੀ ਇਨੋਵਾ ਕਾਰ ਵਿਚ ਆ ਰਿਹਾ ਸੀ। ਜਿਵੇਂ ਹੀ ਦੋਵੇਂ ਸੈਕਟਰ 78-79 ਦੇ ਲਾਈਟ ਪੁਆਇੰਟ ‘ਤੇ ਪਹੁੰਚੇ ਤਾਂ ਦੋਵਾਂ ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ।

    ਇਸ ਹਾਦਸੇ ‘ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਹਾਦਸੇ ‘ਚ ਜ਼ਖਮੀ ਹੋਏ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੌਕੇ ‘ਤੇ ਪਹੁੰਚੇ ਡਾਕਟਰ ਨੇ ਇਨੋਵਾ ਚਾਲਕ ਨੂੰ ਮ੍ਰਿਤਕ ਐਲਾਨ ਦਿਤਾ। ਜਦਕਿ ਸਕਾਰਪੀਓ ਕਾਰ ‘ਚ ਕੰਡਕਟਰ ਸੀਟ ‘ਤੇ ਬੈਠੇ ਆਰਿਆ ਸ਼ਰਮਾ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਹਾਦਸੇ ‘ਚ ਸਕਾਰਪੀਓ ਚਾਲਕ ਅਰਜੁਨ ਵੀ ਜ਼ਖਮੀ ਹੋ ਗਿਆ ਹੈ ਅਤੇ ਉਸ ਨੂੰ ਇਲਾਜ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਮੌਕੇ ‘ਤੇ ਪਹੁੰਚ ਕੇ ਬਾਰੀਕੀ ਨਾਲ ਜਾਂਚ ਕੀਤੀ ਅਤੇ ਲੋਕਾਂ ਤੋਂ ਪੁੱਛਗਿੱਛ ਕਰਨ ‘ਤੇ ਪਤਾ ਲੱਗਿਆ ਕਿ ਅਰਜੁਨ ਦੀ ਕਾਰ ਤੇਜ਼ ਰਫਤਾਰ ‘ਤੇ ਸੀ, ਜਦਕਿ ਇਨੋਵਾ ਚਾਲਕ ਆਮ ਰਫਤਾਰ ‘ਤੇ ਆ ਰਿਹਾ ਸੀ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨੋਵਾ ਚਾਲਕ ਮੂਲ ਰੂਪ ਵਿਚ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ਕਾਰ ਡੀਲਰ ਵਜੋਂ ਕੰਮ ਕਰਦਾ ਸੀ। ਉਹ ਗੁਜਰਾਤ ਤੋਂ ਸੈਕੰਡ ਹੈਂਡ ਕਾਰਾਂ ਲਿਆ ਕੇ ਜੰਮੂ-ਕਸ਼ਮੀਰ ਸਥਿਤ ਅਪਣੇ ਘਰ ਲੈ ਜਾਂਦਾ ਸੀ ਅਤੇ ਅੱਗੇ ਵੇਚਦਾ ਸੀ।