Skip to content
ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਵੱਜਣਗੇ ਏਅਰ ਰੇਡ ਸਾਇਰਨ, ਹੋਵੇਗੀ ਬਲੈਕਆਊਟ ਮੌਕ ਡਰਿੱਲ
ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਕਰਵਾਇਆ ਜਾਵੇਗਾ ਅਭਿਆਸ, ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ
ਪੰਜਾਬ (ਅਰਸ਼ਦੀਪ ਸਿੰਘ ਕਾਲੜਾ): ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 27 ਨਵੰਬਰ ਨੂੰ ਰਾਤ 8 ਵਜੇ ਸਿਵਲ ਡਿਫੈਂਸ ਵੱਲੋਂ ਏਅਰ ਰੇਡ ਅਤੇ ਬਲੈਕਆਊਟ ਮੌਕ ਡਰਿੱਲ ਕਰਵਾਈ ਜਾਵੇਗੀ। ਇਸ ਸੂਬਾ ਪੱਧਰੀ ਅਭਿਆਸ ਦਾ ਮੁੱਖ ਉਦੇਸ਼ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਦੀਆਂ ਤਿਆਰੀਆਂ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਣਾ ਹੈ।
ਮੌਕ ਡਰਿੱਲ ਦੀ ਸ਼ੁਰੂਆਤ ਏਅਰ ਰੇਡ ਵਾਰਨਿੰਗ ਨਾਲ ਹੋਵੇਗੀ। ਇਸ ਦੌਰਾਨ ਦੋ ਮਿੰਟ ਤੱਕ ਹਾਈ-ਲੋਅ ਪਿੱਚ ਵਾਲਾ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਸਬੰਧਤ ਡਿਪਟੀ ਕਮਿਸ਼ਨਰ-ਕਮ-ਕੰਟਰੋਲਰ, ਸਿਵਲ ਡਿਫੈਂਸ ਦੀ ਨਿਗਰਾਨੀ ਹੇਠ ਨਿਰਧਾਰਤ ਖੇਤਰਾਂ ਵਿੱਚ ਬਲੈਕਆਊਟ ਕੀਤਾ ਜਾਵੇਗਾ।
ਬਲੈਕਆਊਟ ਦੌਰਾਨ ਲੋਕਾਂ ਨੂੰ ਗੈਰ-ਜ਼ਰੂਰੀ ਲਾਈਟਾਂ ਬੰਦ ਰੱਖਣ ਦੀ ਹਦਾਇਤ ਦਿੱਤੀ ਜਾਵੇਗੀ, ਜਦਕਿ ਜ਼ਰੂਰੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਅਭਿਆਸ ਦੇ ਅੰਤ ਵਿੱਚ ਦੋ ਮਿੰਟ ਦਾ ਤੇਜ਼ ਸਾਇਰਨ ਵਜਾ ਕੇ ‘ਆਲ ਕਲੀਅਰ’ ਦਾ ਸੰਕੇਤ ਦਿੱਤਾ ਜਾਵੇਗਾ।
ਇਸ ਅਭਿਆਸ ਦੌਰਾਨ ਅੱਗ ਲੱਗਣ ਦੀ ਸਥਿਤੀ ਵਿੱਚ ਰਾਹਤ ਕਾਰਜਾਂ, ਖੋਜ ਅਤੇ ਬਚਾਅ ਮੁਹਿੰਮ, ਮੁੱਢਲੀ ਡਾਕਟਰੀ ਸਹਾਇਤਾ ਅਤੇ ਜ਼ਖ਼ਮੀਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਦੀਆਂ ਪ੍ਰਕਿਰਿਆਵਾਂ ਦੀ ਜਾਂਚ ਕੀਤੀ ਜਾਵੇਗੀ। ਇਸ ਤੋਂ ਇਲਾਵਾ ਆਵਾਜਾਈ ਅਤੇ ਭੀੜ ਨੂੰ ਕਾਬੂ ਕਰਨ ਲਈ ਕੀਤੇ ਗਏ ਪ੍ਰਬੰਧਾਂ ਦੀ ਵੀ ਪਰਖ ਹੋਵੇਗੀ।
ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ
ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਇਰਨ ਵੱਜਣ ਜਾਂ ਬਲੈਕਆਊਟ ਦੌਰਾਨ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਇਹ ਸਿਰਫ਼ ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਪਰਖਣ ਲਈ ਕੀਤਾ ਜਾਣ ਵਾਲਾ ਮੌਕ ਅਭਿਆਸ ਹੈ। ਲੋਕਾਂ ਨੂੰ ਨਿਰਧਾਰਤ ਖੇਤਰਾਂ ਵਿੱਚ ਤਾਇਨਾਤ ਅਧਿਕਾਰੀਆਂ ਨਾਲ ਸਹਿਯੋਗ ਕਰਨ ਅਤੇ ਉਨ੍ਹਾਂ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।
Related