ਦਿੱਲੀ ਪੁਲਿਸ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਇਕ ਸਾਂਝੀ ਮੁਹਿੰਮ ’ਚ ਗੁਜਰਾਤ ਦੇ ਅੰਕਲੇਸ਼ਵਰ ’ਚੋਂ 5,000 ਕਰੋੜ ਰੁਪਏ ਦੀ ਕੀਮਤ ਦੀ 518 ਕਿਲੋਗ੍ਰਾਮ ਕੋਕੀਨ ਜ਼ਬਤ ਕੀਤੀ। ਸੂਤਰਾਂ ਨੇ ਦਸਿਆ ਕਿ ਇਸ ਦੇ ਨਾਲ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਦਿੱਲੀ ਅਤੇ ਗੁਜਰਾਤ ਅੰਦਰ ਇਕ ਪੰਦਰਵਾੜੇ ਦੌਰਾਨ 13,000 ਕਰੋੜ ਰੁਪਏ ਦੀ ਕੀਮਤ ਦੀ 1,289 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਥਾਈਲੈਂਡ ਗਾਂਜਾ ਜ਼ਬਤ ਕੀਤਾ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਗੁਜਰਾਤ ਪੁਲਿਸ ਨੇ ਐਤਵਾਰ ਨੂੰ ਅੰਕਲੇਸ਼ਵਰ ’ਚ ਇਕ ਫਾਰਮਾਸਿਊਟੀਕਲ ਕੰਪਨੀ ’ਚ ਕੀਤੀ ਗਈ ਤਲਾਸ਼ੀ ਦੌਰਾਨ 518 ਕਿਲੋਗ੍ਰਾਮ ਕੋਕੀਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਸੂਤਰਾਂ ਨੇ ਦਸਿਆ ਕਿ ਜ਼ਬਤ ਕੀਤੀ ਗਈ ਕੋਕੀਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ ਕਰੀਬ 5,000 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 1 ਅਕਤੂਬਰ ਨੂੰ ਸਪੈਸ਼ਲ ਸੈੱਲ ਨੇ ਦਿੱਲੀ ਦੇ ਮਹੀਪਾਲਪੁਰ ’ਚ ਇਕ ਗੋਦਾਮ ’ਤੇ ਛਾਪਾ ਮਾਰਿਆ ਅਤੇ 562 ਕਿਲੋਗ੍ਰਾਮ ਕੋਕੀਨ ਅਤੇ 40 ਕਿਲੋਗ੍ਰਾਮ ਹਾਈਡ੍ਰੋਪੋਨਿਕ ਮੈਰੀਜੁਆਨਾ ਦੀ ਖੇਪ ਜ਼ਬਤ ਕੀਤੀ। ਜਾਂਚ ਦੌਰਾਨ 10 ਅਕਤੂਬਰ ਨੂੰ ਦਿੱਲੀ ਦੇ ਰਮੇਸ਼ ਨਗਰ ’ਚ ਇਕ ਦੁਕਾਨ ਤੋਂ ਕਰੀਬ 208 ਕਿਲੋਗ੍ਰਾਮ ਵਾਧੂ ਕੋਕੀਨ ਬਰਾਮਦ ਕੀਤੀ ਗਈ ਸੀ। ਸੂਤਰਾਂ ਨੇ ਦਸਿਆ ਕਿ ਪੁਲਿਸ ਨੇ ਪਾਇਆ ਕਿ ਇਹ ਦਵਾਈਆਂ ਇਕ ਕੰਪਨੀ ਦੀਆਂ ਸਨ, ਜਿਸ ਨੇ ਅੰਕਲੇਸ਼ਵਰ ਸਥਿਤ ਫਾਰਮਾਸਿਊਟੀਕਲ ਫਰਮ ਤੋਂ ਇਹ ਦਵਾਈਆਂ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਸ਼ਿਆਂ ਵਿਰੁਧ ਜ਼ੀਰੋ ਟਾਲਰੈਂਸ ਦੀ ਨੀਤੀ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਨੂੰ ਅੱਗੇ ਵਧਾ ਰਹੀਆਂ ਹਨ।