
Skip to content

ਚੰਡੀਗੜ੍ਹ (ਅਮਿਤ ਨਖਵਾਲ): ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਾਲ 2021 ਵਿੱਚ 7 ਸਾਲਾ ਮਾਸੂਮ ਬੱਚੀ ਨਾਲ ਜ਼ਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ਵਿੱਚ ਅਹਿਮ ਫ਼ੈਸਲਾ ਸੁਣਾਉਂਦਿਆਂ ਦੋਸ਼ੀ ਦੀ ਫਾਂਸੀ ਦੀ ਸਜ਼ਾ ਨੂੰ 50 ਸਾਲ ਦੀ ਸਖ਼ਤ ਕੈਦ ਵਿੱਚ ਤਬਦੀਲ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਪੁਲਿਸ ਜਾਂਚ ਵਿੱਚ ਗੰਭੀਰ ਖਾਮੀਆਂ ਰਹੀਆਂ ਹਨ, ਜਿਸ ਕਾਰਨ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਣਾ ਉਚਿਤ ਨਹੀਂ ਸੀ।
ਜਸਟਿਸ ਅਨੂਪ ਚਿਤਕਾਰਾ ਅਤੇ ਜਸਟਿਸ ਰਮੇਸ਼ ਚੰਦਰ ਧਿਮਰੀ ਦੇ ਬੈਂਚ ਨੇ ਕਿਹਾ ਕਿ ਇਹ ਮਾਮਲਾ “Rarest of Rare” ਦੀ ਸ਼੍ਰੇਣੀ ਦੀ ਬਹੁਤ ਪਤਲੀ ਰੇਖਾ ‘ਤੇ ਖੜ੍ਹਾ ਹੈ। ਅਦਾਲਤ ਨੇ ਦੋਸ਼ੀ ਨੂੰ “ਸ਼ੈਤਾਨ ਤੋਂ ਵੀ ਬਦਤਰ” ਅਤੇ “ਦਰਿੰਦਾ” ਕਰਾਰ ਦਿੰਦਿਆਂ ਹੁਕਮ ਦਿੱਤਾ ਕਿ ਉਹ 50 ਸਾਲ ਤੱਕ ਜੇਲ੍ਹ ਵਿੱਚ ਹੀ ਰਹੇਗਾ ਅਤੇ ਇਸ ਮਿਆਦ ਤੋਂ ਪਹਿਲਾਂ ਉਸ ਨੂੰ ਕਿਸੇ ਵੀ ਹਾਲਤ ਵਿੱਚ ਰਿਹਾਅ ਨਹੀਂ ਕੀਤਾ ਜਾਵੇਗਾ।
ਅਦਾਲਤ ਨੇ ਦੋਸ਼ੀ ‘ਤੇ 50 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ, ਜੋ ਪੀੜਤਾ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੋਕਸੋ ਐਕਟ ਤਹਿਤ ਨਾਬਾਲਗ ਨਾਲ ਜਿਨਸੀ ਅਪਰਾਧ ਲਈ 23 ਸਾਲ ਦੀ ਕੈਦ ਅਤੇ 23 ਲੱਖ ਰੁਪਏ ਦਾ ਵਾਧੂ ਜੁਰਮਾਨਾ ਵੀ ਸੁਣਾਇਆ ਗਿਆ ਹੈ।
ਫ਼ੈਸਲੇ ਵਿੱਚ ਅਦਾਲਤ ਨੇ ਮਾਸੂਮ ਪੀੜਤਾ ਨੂੰ “ਲਾਡਲੀ” ਦਾ ਨਾਮ ਦਿੰਦਿਆਂ ਭਾਵੁਕ ਟਿੱਪਣੀ ਕੀਤੀ। ਅਦਾਲਤ ਨੇ ਕਿਹਾ ਕਿ ਉਹ ਆਪਣੇ 7ਵੇਂ ਜਨਮਦਿਨ ਤੋਂ ਸਿਰਫ਼ 17 ਦਿਨ ਪਹਿਲਾਂ ਹੀ ਇਸ ਦੁਨੀਆ ਤੋਂ ਚਲੀ ਗਈ। ਅਦਾਲਤ ਨੇ ਇਹ ਵੀ ਕਿਹਾ ਕਿ ਉਸ ਦਾ ਪਹਿਲਾ ਕਸੂਰ ਕੁੜੀ ਹੋਣਾ ਅਤੇ ਦੂਜਾ ਗਰੀਬ ਦਲਿਤ ਪਰਿਵਾਰ ਵਿੱਚ ਜਨਮ ਲੈਣਾ ਸੀ। ਮਾਪਿਆਂ ਵੱਲੋਂ ਉਸ ਦੀ ਰੱਖਿਆ ਲਈ ਗਲੇ ਅਤੇ ਕਮਰ ਵਿੱਚ ਬੰਨ੍ਹੇ ਕਾਲੇ ਧਾਗੇ ਅਤੇ ਲਾਕਿਟ ਵੀ ਉਸ ਨੂੰ ਇਸ ਦਰਿੰਦਗੀ ਤੋਂ ਨਹੀਂ ਬਚਾ ਸਕੇ।
ਹਾਈ ਕੋਰਟ ਨੇ ਪੁਲਿਸ ਦੀ ਜਾਂਚ ‘ਤੇ ਵੀ ਸਖ਼ਤ ਟਿੱਪਣੀ ਕਰਦਿਆਂ ਇਸ ਨੂੰ “ਘਟੀਆ ਜਾਂਚ” ਦਾ ਸੰਕੇਤ ਦੱਸਿਆ। ਪੁਲਿਸ ਦਾ ਦਾਅਵਾ ਸੀ ਕਿ ਦੋਸ਼ੀ ਦੀ ਨਿਸ਼ਾਨਦੇਹੀ ‘ਤੇ ਬੱਚੀ ਦੀ ਲਾਸ਼ ਬਰਾਮਦ ਹੋਈ ਸੀ, ਪਰ ਅਦਾਲਤ ਨੇ ਪਾਇਆ ਕਿ ਪੁਲਿਸ ਨੂੰ ਦੋਸ਼ੀ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਲਾਸ਼ ਦੀ ਜਾਣਕਾਰੀ ਸੀ। ਇਸ ਲਈ ਇਹ ਦਾਅਵਾ ਸਾਬਤ ਨਹੀਂ ਹੁੰਦਾ ਕਿ ਲਾਸ਼ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਮਿਲੀ ਸੀ। ਹਾਲਾਂਕਿ ਅਦਾਲਤ ਨੇ ਇਹ ਵੀ ਮੰਨਿਆ ਕਿ ਉਸ ਸਮੇਂ ਕੋਵਿਡ-19 ਪਾਬੰਦੀਆਂ ਕਾਰਨ ਜਾਂਚ ਏਜੰਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਕੀ ਸੀ ਮਾਮਲਾ?
24 ਮਈ 2021 ਨੂੰ 7 ਸਾਲਾ ਬੱਚੀ ਘਰ ਤੋਂ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਉਸੇ ਰਾਤ ਐੱਫ.ਆਈ.ਆਰ. ਦਰਜ ਕੀਤੀ। ਅਗਲੇ ਦਿਨ ਪੀੜਤਾ ਦੇ ਪਿਤਾ ਨੇ ਗੁਆਂਢੀ ਆਨੰਦ ਸਿੰਘ ‘ਤੇ ਸ਼ੱਕ ਜਤਾਉਂਦਿਆਂ ਸ਼ਿਕਾਇਤ ਦਿੱਤੀ। 28 ਜੁਲਾਈ 2023 ਨੂੰ ਟਰਾਇਲ ਕੋਰਟ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਅਤੇ ਪੀੜਤਾ ਦੇ ਪਰਿਵਾਰ ਨੂੰ 30 ਲੱਖ ਰੁਪਏ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਸੀ। ਹੁਣ ਹਾਈ ਕੋਰਟ ਨੇ ਇਸ ਫ਼ੈਸਲੇ ਦੀ ਸਮੀਖਿਆ ਕਰਦਿਆਂ ਫਾਂਸੀ ਦੀ ਸਜ਼ਾ ਨੂੰ 50 ਸਾਲ ਦੀ ਸਖ਼ਤ ਕੈਦ ਵਿੱਚ ਬਦਲ ਦਿੱਤਾ ਹੈ।
Related