
Skip to content

(ਅਮਿਤ ਨਖਵਾਲ) ਬੀਕਾਨੇਰ (ਰਾਜਸਥਾਨ): ਅਮਰੀਕਾ ਦੀ ਐਫਬੀਆਈ ਦੀ ਚਾਰਜਸ਼ੀਟ ਵਿੱਚ ਨਾਮ ਸਾਹਮਣੇ ਆਉਣ ਤੋਂ ਕੁਝ ਹੀ ਦਿਨਾਂ ਬਾਅਦ ਭਗੌੜੇ ਗੈਂਗਸਟਰ ਰੋਹਿਤ ਗੋਦਾਰਾ ਦੇ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਸਥਿਤ ਦੋ ਮੰਜ਼ਿਲਾ ਘਰ ਨੂੰ ਦੇਰ ਰਾਤ ਜੇਸੀਬੀ ਨਾਲ ਢਾਹ ਦਿੱਤਾ ਗਿਆ। ਹਾਲਾਂਕਿ, ਇਹ ਕਾਰਵਾਈ ਕਿਸਨੇ ਕਰਵਾਈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਾਣਕਾਰੀ ਮੁਤਾਬਕ, ਰੋਹਿਤ ਗੋਦਾਰਾ ਦਾ ਘਰ ਬੀਕਾਨੇਰ ਦੇ ਲੁੰਕਰਨਸਰ ਖੇਤਰ ਦੇ ਕਪੂਰੀਸਰ ਪਿੰਡ ਨੇੜੇ ਤੇਜਾਨਾ ਢਾਣੀ ਵਿੱਚ ਸਥਿਤ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਰ ਕਾਫੀ ਸਮੇਂ ਤੋਂ ਖਾਲੀ ਪਿਆ ਸੀ। ਦੇਰ ਰਾਤ ਜੇਸੀਬੀ ਦੀ ਮਦਦ ਨਾਲ ਘਰ ਦਾ ਵੱਡਾ ਹਿੱਸਾ ਢਾਹ ਦਿੱਤਾ ਗਿਆ। ਪਿਛਲਾ ਹਿੱਸਾ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ, ਜਦਕਿ ਅਗਲੇ ਹਿੱਸੇ ਦੀਆਂ ਕੰਧਾਂ, ਦਰਵਾਜ਼ੇ ਅਤੇ ਖਿੜਕੀਆਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।
ਮੰਗਲਵਾਰ ਸਵੇਰੇ ਘਟਨਾ ਦੀ ਸੂਚਨਾ ਮਿਲਣ ‘ਤੇ ਇਲਾਕੇ ਵਿੱਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਸਥਾਨਕ ਲੋਕਾਂ ਵੱਲੋਂ ਲੁੰਕਰਨਸਰ ਪੁਲਿਸ ਨੂੰ ਵੀ ਇਸ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਮਾਮਲੇ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਨੇ ਕਿਸੇ ਵੀ ਤਰ੍ਹਾਂ ਦੀ ਅਧਿਕਾਰਕ ਕਾਰਵਾਈ ਤੋਂ ਇਨਕਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਬੀਕਾਨੇਰ ਰੇਂਜ ਦੇ ਆਈਜੀ ਓਮ ਪ੍ਰਕਾਸ਼ ਨੇ ਕਿਹਾ, “ਜੇਕਰ ਸਾਨੂੰ ਕੋਈ ਰਿਪੋਰਟ ਮਿਲਦੀ ਹੈ ਤਾਂ ਅਸੀਂ ਕਾਨੂੰਨ ਅਨੁਸਾਰ ਕਾਰਵਾਈ ਕਰਾਂਗੇ।”
ਉੱਧਰ, ਰੋਹਿਤ ਗੋਦਾਰਾ ਦੇ ਮਾਪੇ ਪਹਿਲਾਂ ਹੀ ਇੱਕ ਫਿਰੌਤੀ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਹਨ। ਘਰ ਢਾਹੇ ਜਾਣ ਦੀ ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾਵਾਂ ਦਾ ਦੌਰ ਜਾਰੀ ਹੈ, ਪਰ ਇਹ ਕਾਰਵਾਈ ਕਿਸਨੇ ਕੀਤੀ, ਇਸ ਬਾਰੇ ਅਜੇ ਤੱਕ ਸਸਪੈਂਸ ਬਣਿਆ ਹੋਇਆ ਹੈ।
Related