
Skip to content

ਜਲੰਧਰ (ਅਮਿਤ ਨਖਵਾਲ): ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਰੈਸਲਰ ਅਮਨਪ੍ਰੀਤ ਸਿੰਘ (ਮਹਾਬਲੀ ਸ਼ੇਰਾ) ਨੇ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਏ ਪਾਵਰ ਸਲੈਪ 21 ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕਰਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਸ਼ੇਰਾ ਨੇ WWE ਦੇ ਸਾਬਕਾ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜਰ ਨੂੰ ਇੱਕ ਹੀ ਜ਼ਬਰਦਸਤ ਥੱਪੜ ਨਾਲ ਨਾਕਆਊਟ ਕਰ ਦਿੱਤਾ।
ਮੁਕਾਬਲੇ ਦੇ ਪਹਿਲੇ ਦੋ ਰਾਊਂਡਾਂ ਵਿੱਚ ਜੈਕ ਹੇਜਰ ਦਾ ਪੱਲਾ ਭਾਰੀ ਦਿਖਾਈ ਦੇ ਰਿਹਾ ਸੀ, ਪਰ ਤੀਜੇ ਰਾਊਂਡ ਵਿੱਚ ਮਹਾਬਲੀ ਸ਼ੇਰਾ ਦੇ ਤਾਕਤਵਰ ਥੱਪੜ ਨੇ ਪੂਰਾ ਮੈਚ ਹੀ ਪਲਟ ਦਿੱਤਾ। ਥੱਪੜ ਲੱਗਦੇ ਹੀ ਹੇਜਰ ਬੇਹੋਸ਼ ਹੋ ਗਏ ਅਤੇ ਰੈਫਰੀ ਨੇ ਸ਼ੇਰਾ ਨੂੰ ਜੇਤੂ ਐਲਾਨ ਦਿੱਤਾ। ਇਹ ਜੈਕ ਹੇਜਰ ਦੇ ਪਾਵਰ ਸਲੈਪ ਕਰੀਅਰ ਦੀ ਪਹਿਲੀ ਨਾਕਆਊਟ ਹਾਰ ਮੰਨੀ ਜਾ ਰਹੀ ਹੈ।
ਜਿੱਤ ਤੋਂ ਬਾਅਦ ਅਮਨਪ੍ਰੀਤ ਸਿੰਘ ਨੇ ਸਟੇਜ ‘ਤੇ ਹੀ ਆਪਣੀ ਟੀ-ਸ਼ਰਟ ਉਤਾਰ ਕੇ ਜ਼ੋਰਦਾਰ ਅੰਦਾਜ਼ ਵਿੱਚ ਜਸ਼ਨ ਮਨਾਇਆ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸਣਯੋਗ ਹੈ ਕਿ ਪਾਵਰ ਸਲੈਪ 21 ਦਾ ਇਹ ਮੁਕਾਬਲਾ 10 ਜੁਲਾਈ 2026 ਨੂੰ ਲਾਸ ਵੇਗਾਸ ਵਿੱਚ ਕਰਵਾਇਆ ਗਿਆ ਸੀ। ਅਮਨਪ੍ਰੀਤ ਸਿੰਘ ਇਸ ਤੋਂ ਪਹਿਲਾਂ TNA Wrestling, WWE NXT ਅਤੇ OVW Heavyweight ਵਰਗੀਆਂ ਪ੍ਰਮੁੱਖ ਰੈਸਲਿੰਗ ਸੰਸਥਾਵਾਂ ਵਿੱਚ ਆਪਣਾ ਦਮਖਮ ਵਿਖਾ ਚੁੱਕੇ ਹਨ। ਰੈਸਲਿੰਗ ਦੀ ਦੁਨੀਆ ਵਿੱਚ ਉਹ ‘ਮਹਾਬਲੀ ਸ਼ੇਰਾ’ ਦੇ ਨਾਂ ਨਾਲ ਮਸ਼ਹੂਰ ਹਨ।
ਇਸ ਜਿੱਤ ਤੋਂ ਬਾਅਦ ਪੰਜਾਬ ਸਮੇਤ ਭਾਰਤ ਦੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ ਅਤੇ ਮਹਾਬਲੀ ਸ਼ੇਰਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
Related