ਵਾਸ਼ਿੰਗਟਨ (ਅਮਿਤ ਨਖਵਾਲ): ਅਮਰੀਕੀ ਸਿੱਖ ਨੌਜਵਾਨ ਚਿਰਾਗ ਵੀਰ ਸਿੰਘ ਸਰਾਓ ਨੇ ਅਮਰੀਕੀ ਏਅਰ ਫੋਰਸ ਅਕੈਡਮੀ ਵਿੱਚ ਦਾਖਲਾ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਮਾਣਯੋਗ ਸੈਨਿਕ ਅਕੈਡਮੀ ਵਿੱਚ ਦਾਖਲਾ ਲੈਣ ਵਾਲੇ ਪਹਿਲੇ ਕੇਸਧਾਰੀ ਸਿੱਖ ਅਮਰੀਕੀ ਬਣੇ ਹਨ, ਜਿਨ੍ਹਾਂ ਨੂੰ ਆਪਣੀ ਸਿੱਖ ਧਾਰਮਿਕ ਪਹਿਚਾਣ ਅਤੇ ਪੰਜ ਕਕਾਰਾਂ ਸਮੇਤ ਫੌਜੀ ਸੇਵਾ ਨਿਭਾਉਣ ਦੀ ਅਧਿਕਾਰਤ ਮਨਜ਼ੂਰੀ ਵੀ ਮਿਲੀ ਹੈ।

ਅਮਰੀਕਨ ਸਿੱਖ ਕੌਂਸਲ (ASC) ਮੁਤਾਬਕ ਚਿਰਾਗ ਵੀਰ ਸਿੰਘ ਨੂੰ 4 ਅਪ੍ਰੈਲ 2026 ਨੂੰ ਏਅਰ ਫੋਰਸ ਅਕੈਡਮੀ ਲਈ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 20 ਜੂਨ ਨੂੰ ਉਨ੍ਹਾਂ ਨੂੰ ਧਾਰਮਿਕ ਛੋਟ (Religious Accommodation) ਦਿੱਤੀ ਗਈ, ਜਿਸ ਨਾਲ ਉਹ ਆਪਣੀ ਸਿੱਖ ਰਹਿਤ ਅਤੇ ਪੰਜ ਕਕਾਰਾਂ ਸਮੇਤ ਫੌਜੀ ਸੇਵਾ ਨਿਭਾ ਸਕਣਗੇ। 24 ਜੂਨ ਨੂੰ ਉਨ੍ਹਾਂ ਨੇ ਅਧਿਕਾਰਤ ਤੌਰ ‘ਤੇ ਅਕੈਡਮੀ ਜੁਆਇਨ ਕੀਤੀ ਅਤੇ ਇਸ ਸਮੇਂ ਉਹ ਛੇ ਹਫ਼ਤਿਆਂ ਦੀ ਸਖ਼ਤ ਮੁੱਢਲੀ ਸੈਨਿਕ ਸਿਖਲਾਈ ਲੈ ਰਹੇ ਹਨ।

ਚਿਰਾਗ ਵੀਰ ਸਿੰਘ ਦੀ ਇਹ ਉਪਲਬਧੀ ਇਸ ਲਈ ਵੀ ਖ਼ਾਸ ਹੈ ਕਿ ਉਨ੍ਹਾਂ ਨੂੰ ਏਅਰ ਫੋਰਸ ROTC ਅਤੇ ਨੇਵਲ ROTC ਦੋਵਾਂ ਵੱਲੋਂ ਪੂਰੀ ਸਕਾਲਰਸ਼ਿਪ ਦੀ ਪੇਸ਼ਕਸ਼ ਮਿਲੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੂੰ ਯੂਨੀਵਰਸਿਟੀ ਆਫ਼ ਸਦਰਨ ਕੈਲੀਫ਼ੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਰਗੀਆਂ ਪ੍ਰਸਿੱਧ ਸੰਸਥਾਵਾਂ ਵਿੱਚ ਵੀ ਦਾਖਲਾ ਮਿਲਿਆ ਸੀ, ਪਰ ਉਨ੍ਹਾਂ ਨੇ ਦੇਸ਼ ਸੇਵਾ ਦੇ ਆਪਣੇ ਸੁਪਨੇ ਨੂੰ ਤਰਜੀਹ ਦਿੰਦਿਆਂ ਏਅਰ ਫੋਰਸ ਅਕੈਡਮੀ ਦੀ ਚੋਣ ਕੀਤੀ।

ਆਪਣੀ ਇਸ ਸਫ਼ਲਤਾ ਦਾ ਸਿਹਰਾ ਚਿਰਾਗ ਵੀਰ ਸਿੰਘ ਨੇ ਆਪਣੇ ਮਾਪਿਆਂ, ਅਧਿਆਪਕਾਂ ਅਤੇ ਅਮਰੀਕਨ ਸਿੱਖ ਕੌਂਸਲ ਨੂੰ ਦਿੱਤਾ। ਉਨ੍ਹਾਂ ਨੇ ਖ਼ਾਸ ਤੌਰ ‘ਤੇ ASC ਦੇ ਪ੍ਰਤੀਨਿਧੀ ਅਤੇ USAFA ਦੇ ਮਾਨਦ ਭਰਤੀ ਸਲਾਹਕਾਰ ਕਵਨੀਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਵੀਂ ਜਮਾਤ ਤੋਂ ਮਿਲੀ ਰਹਿਨੁਮਾਈ ਅਤੇ ਨਿਰੰਤਰ ਹੌਸਲਾ-ਅਫ਼ਜ਼ਾਈ ਨੇ ਉਨ੍ਹਾਂ ਨੂੰ ਇਸ ਮੰਜ਼ਿਲ ਤੱਕ ਪਹੁੰਚਣ ਲਈ ਪ੍ਰੇਰਿਤ ਕੀਤਾ।

ਅਮਰੀਕਨ ਸਿੱਖ ਕੌਂਸਲ ਨੇ ਇਸ ਪ੍ਰਾਪਤੀ ਨੂੰ ਪੂਰੇ ਸਿੱਖ ਅਮਰੀਕੀ ਭਾਈਚਾਰੇ ਲਈ ਇੱਕ ਇਤਿਹਾਸਕ ਮੀਲ ਪੱਥਰ ਕਰਾਰ ਦਿੱਤਾ ਹੈ। ਕੌਂਸਲ ਨੇ ਕਿਹਾ ਕਿ ਚਿਰਾਗ ਵੀਰ ਸਿੰਘ ਦੀ ਸਫ਼ਲਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣੇਗੀ ਅਤੇ ਉਹ ਇੱਕ ਯੋਗ ਏਅਰ ਫੋਰਸ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕਰਦੇ ਹੋਏ ਸਿੱਖ ਭਾਈਚਾਰੇ ਦਾ ਮਾਣ ਹੋਰ ਵਧਾਉਣਗੇ।