ਡਿਜ਼ੀਟਲ ਮੀਡੀਆ ਪੱਤਰਕਾਰਾਂ ਦੀਆਂ ਮੰਗਾਂ ਗੂੰਜੀਆਂ, DMA ਦਾ 11 ਮੈਂਬਰੀ ਵਫ਼ਦ ਜਲਦ CM ਮਾਨ ਨੂੰ ਸੌਂਪੇਗਾ ਮੰਗ-ਪੱਤਰ

ਜਲੰਧਰ (ਅਰਸ਼ਦੀਪ ਸਿੰਘ ਕਾਲੜਾ/ਨਵੀਨ ਪੁਰੀ)  :- ਜਲੰਧਰ ਦੇ ਸਰਕਿਟ ਹਾਊਸ ਵਿਖੇ ਡਿਜ਼ੀਟਲ ਮੀਡੀਆ ਐਸੋਸੀਏਸ਼ਨ (DMA) ਵੱਲੋਂ ਪ੍ਰਧਾਨ ਅਮਨ ਬੱਗਾ ਦੀ ਅਗਵਾਈ ਹੇਠ 100 ਤੋਂ ਵੱਧ ਡਿਜ਼ੀਟਲ ਮੀਡੀਆ ਪੱਤਰਕਾਰਾਂ ਦੀ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਜਲੰਧਰ ਦੇ ਮੇਅਰ ਵਨੀਤ ਧੀਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੰਸਥਾ ਵੱਲੋਂ ਦੋਵਾਂ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਦੌਰਾਨ ‘ਆਪ’ ਆਗੂ ਸੌਰਵ ਸੇਠ ਅਤੇ ਕੀਮਤੀ ਭਗਤ ਵੀ ਹਾਜ਼ਰ ਰਹੇ।

 

ਮੀਟਿੰਗ ਦੌਰਾਨ DMA ਦੇ ਚੇਅਰਮੈਨ ਅਜੀਤ ਸਿੰਘ ਬੁਲੰਦ, ਜਨਰਲ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਪੈਟਰਨ ਪ੍ਰਦੀਪ ਵਰਮਾ ਅਤੇ ਸਕ੍ਰੀਨਿੰਗ ਕਮੇਟੀ ਦੇ ਮੁਖੀ ਗੁਰਪ੍ਰੀਤ ਸਿੰਘ ਸੰਧੂ ਸਮੇਤ ਹੋਰ ਅਹੁਦੇਦਾਰਾਂ ਨੇ ਡਿਜ਼ੀਟਲ ਮੀਡੀਆ ਨਾਲ ਜੁੜੇ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਕਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਭਰੋਸਾ ਦਿੱਤਾ ਕਿ ਸੰਸਥਾ ਹਰ ਸੰਘਰਸ਼ ਵਿੱਚ ਆਪਣੇ ਮੈਂਬਰਾਂ ਦੇ ਨਾਲ ਡਟ ਕੇ ਖੜ੍ਹੀ ਰਹੇਗੀ।

ਇਸ ਮੌਕੇ ਕੈਬਿਨੇਟ ਮੰਤਰੀ ਮੋਹਿੰਦਰ ਭਗਤ ਅਤੇ ਮੇਅਰ ਵਨੀਤ ਧੀਰ ਨੇ DMA ਦੇ ਮੈਂਬਰਾਂ ਲਈ ਮੈਂਬਰਸ਼ਿਪ ਆਈਡੀ ਕਾਰਡ ਅਤੇ ਵਾਹਨ ਸਟਿੱਕਰ ਜਾਰੀ ਕੀਤੇ। ਦੋਵਾਂ ਮਹਿਮਾਨਾਂ ਨੇ ਸੰਸਥਾ ਵੱਲੋਂ ਕੀਤੀਆਂ ਸਮਾਜ ਸੇਵਾ ਦੀਆਂ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ ਪੱਤਰਕਾਰਾਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਪੱਤਰਕਾਰਾਂ ਨੇ ਡਿਜ਼ੀਟਲ ਮੀਡੀਆ ਨਾਲ ਸਬੰਧਤ ਵੱਖ-ਵੱਖ ਮੁੱਦੇ ਅਤੇ ਮੰਗਾਂ ਮੰਤਰੀ ਅਤੇ ਮੇਅਰ ਦੇ ਧਿਆਨ ਵਿੱਚ ਲਿਆਂਦੀਆਂ। ਇਸ ‘ਤੇ ਮੋਹਿੰਦਰ ਭਗਤ ਅਤੇ ਵਨੀਤ ਧੀਰ ਨੇ ਭਰੋਸਾ ਦਿਵਾਇਆ ਕਿ ਇਹ ਮੰਗਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਵਿਸ਼ੇਸ਼ ਮੀਟਿੰਗ ਕਰਵਾ ਕੇ ਇਨ੍ਹਾਂ ਸਮੱਸਿਆਵਾਂ ਦੇ ਸਥਾਈ ਹੱਲ ਲਈ ਯਤਨ ਕੀਤੇ ਜਾਣਗੇ।

ਮੀਟਿੰਗ ਦੌਰਾਨ DMA ਵੱਲੋਂ ਪੰਜਾਬ ਭਰ ਦੇ ਡਿਜ਼ੀਟਲ ਮੀਡੀਆ ਪੱਤਰਕਾਰਾਂ ਨੂੰ ਸੰਸਥਾ ਨਾਲ ਜੁੜਨ ਦੀ ਅਪੀਲ ਵੀ ਕੀਤੀ ਗਈ। ਸੰਸਥਾ ਨੇ ਐਲਾਨ ਕੀਤਾ ਕਿ ਜਲਦ ਹੀ 11 ਮੈਂਬਰੀ ਵਫ਼ਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੰਗ-ਪੱਤਰ ਸੌਂਪੇਗਾ।

ਇਸ ਮੌਕੇ ਅਜੈ ਮਲਹੋਤਰਾ, ਅਰਸ਼ਦੀਪ ਸਿੰਘ ਕਾਲੜਾ, ਅਨੁਰਾਗ ਕੋਂਡਲ, ਸੰਨੀ, ਪਵਨ ਕੁਮਾਰ, ਦੀਪਕ ਕੁਮਾਰ, ਅਵਤਾਰ ਸਿੰਘ, ਸੁਸ਼ੀਲ ਸ਼ਰਮਾ, ਰੰਜਨ ਕੁਮਾਰ, ਨਰਿੰਦਰ ਕਸ਼ਯਪ, ਜੈਦੀਪ, ਸੋਨੂ, ਅਸ਼ੋਕ ਭਗਤ, ਜੀਵਨ ਭਾਸਕਰ, ਬਸੰਤ, ਰਾਕੇਸ਼ ਚਾਵਲਾ, ਮਨੀਸ਼ ਭੱਟੀ, ਸੰਨੀ ਕੁਮਾਰ, ਸੋੱਡੀ, ਰਾਜਕੁਮਾਰੀ, ਵਿਜੈ ਅਟਵਾਲ, ਜੋਤੀ ਬੱਬਰ, ਸੰਜੀਵ ਵਰਮਾ, ਸੰਜੀਵ ਕਪੂਰ, ਰਾਮਪਾਲ, ਰਜੀਤ ਭਾਸਕਰ, ਵਿਕਰਮ ਵਿੱਕੀ, ਦਵਿੰਦਰ ਕੁਮਾਰ ਅਤੇ ਰਘੁਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਡਿਜ਼ੀਟਲ ਮੀਡੀਆ ਪੱਤਰਕਾਰ ਅਤੇ ਐਸੋਸੀਏਸ਼ਨ ਦੇ ਅਹੁਦੇਦਾਰ ਮੌਜੂਦ ਰਹੇ।