ਖਨੌਰੀ ਨੇੜੇ ਦਰਦਨਾਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ; ਦੋ ਗੰਭੀਰ ਜ਼ਖ਼ਮੀ

ਖਨੌਰੀ (ਅਰਸ਼ਦੀਪ ਸਿੰਘ ਕਾਲੜਾ): ਖਨੌਰੀ ਨੇੜੇ ਘੱਗਰ ਪੁਲ ਕੋਲ ਬੀਤੀ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਗੁਲਾੜੀ ਦੇ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਾਦਸੇ ਤੋਂ ਬਾਅਦ ਟੱਕਰ ਮਾਰਨ ਵਾਲੀ ਲੈਂਸਰ ਕਾਰ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੁਲਾੜੀ ਦੇ ਚਾਰ ਦੋਸਤ ਮਾਰੂਤੀ ਸਵੀਫਟ ਕਾਰ ਰਾਹੀਂ ਪਾਤੜਾਂ ਤੋਂ ਖਨੌਰੀ ਮੰਡੀ ਵੱਲ ਆ ਰਹੇ ਸਨ। ਕਾਰ ਅੰਕੁਸ਼ ਪੁੱਤਰ ਗੁਰਬਖਸ਼ ਸਿੰਘ ਚਲਾ ਰਿਹਾ ਸੀ। ਜਦੋਂ ਉਹ ਘੱਗਰ ਪੁਲ ਖਨੌਰੀ ਨੇੜੇ ਪਹੁੰਚੇ ਤਾਂ ਪਿੱਛੋਂ ਤੇਜ਼ ਰਫ਼ਤਾਰ ਨਾਲ ਆ ਰਹੀ ਲੈਂਸਰ ਕਾਰ ਨੇ ਉਨ੍ਹਾਂ ਦੀ ਸਵੀਫਟ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਭਿਆਨਕ ਸੀ ਕਿ ਸਵੀਫਟ ਕਾਰ ਸੜਕ ਤੋਂ ਹੇਠਾਂ ਖੇਤਾਂ ਵਿੱਚ ਜਾ ਡਿੱਗੀ। ਹਾਦਸੇ ਵਿੱਚ ਸੰਜੂ (24) ਪੁੱਤਰ ਮਹੀਪਾਲ ਅਤੇ ਸਮੀਰ ਸਿੰਘ ਪੁੱਤਰ ਸੁਲਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਅੰਕੁਸ਼ ਅਤੇ ਗੁਰਪ੍ਰੀਤ ਸਿੰਘ ਪੁੱਤਰ ਰਮੇਸ਼ ਕੁਮਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਜ਼ਖ਼ਮੀਆਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਨ੍ਹਾਂ ਨੂੰ ਗਰਗ ਹਸਪਤਾਲ, ਟੋਹਾਣਾ ਵਿਖੇ ਰੈਫਰ ਕੀਤਾ ਗਿਆ। ਪੁਲਿਸ ਨੇ ਮ੍ਰਿਤਕ ਨੌਜਵਾਨਾਂ ਦਾ ਮੂਨਕ ਵਿਖੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ। ਥਾਣਾ ਖਨੌਰੀ ਪੁਲਿਸ ਵੱਲੋਂ ਫਰਾਰ ਲੈਂਸਰ ਕਾਰ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।