ਭਾਰਤ ਦੇ 80 ਫ਼ੀ ਸਦੀ ਬਜ਼ੁਰਗਾਂ ਨੂੰ ਵਧਦੀ ਗਰਮੀ ਦਾ ਕਰਨਾ ਪਵੇਗਾ ਸਾਹਮਣਾ

ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ): ਵਿਸ਼ਵ ਪੱਧਰ ’ਤੇ ਲਗਾਤਾਰ ਵੱਧ ਰਹੇ ਤਾਪਮਾਨ ਕਾਰਨ ਭਵਿੱਖ ਵਿੱਚ ਜਲਵਾਯੂ ਨਾਲ ਜੁੜੀਆਂ ਮੁਸ਼ਕਲਾਂ ਹੋਰ ਗੰਭੀਰ ਹੋ ਸਕਦੀਆਂ ਹਨ। ਇਸ ਦਾ ਸਭ ਤੋਂ ਵੱਧ ਅਸਰ ਬਜ਼ੁਰਗਾਂ ਦੀ ਸਿਹਤ ’ਤੇ ਪੈਣ ਦਾ ਖਦਸ਼ਾ ਹੈ। ‘ਦ ਲੈਂਸੇਟ ਪਲੈਨੇਟਰੀ ਹੈਲਥ’ ਵਿਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ਮੁਤਾਬਕ ਜੇਕਰ ਵਿਸ਼ਵ ਪੱਧਰੀ ਤਾਪਮਾਨ ਵਿਚ 3 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਵਾਧਾ ਹੁੰਦਾ ਹੈ ਤਾਂ ਭਾਰਤ, ਚੀਨ, ਪਾਕਿਸਤਾਨ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਦੇ ਬਜ਼ੁਰਗਾਂ ਨੂੰ ਸਾਲ ਦੇ ਕਈ ਮਹੀਨਿਆਂ ਦੌਰਾਨ ਦਿਨ ਅਤੇ ਰਾਤ ਦੋਵੇਂ ਸਮੇਂ ਖ਼ਤਰਨਾਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅਧਿਐਨ ਅਨੁਸਾਰ ਲੰਬੇ ਸਮੇਂ ਤੱਕ ਗਰਮੀ ਦੇ ਸੰਪਰਕ ਵਿਚ ਰਹਿਣ ਨਾਲ ਸਰੀਰ ਲਈ ਆਪਣਾ ਆਮ ਤਾਪਮਾਨ ਕਾਇਮ ਰੱਖਣਾ ਮੁਸ਼ਕਲ ਹੋ ਜਾਂਦਾ ਹੈ, ਜਿਸ ਨਾਲ ਸਿਹਤ ਲਈ ਗੰਭੀਰ ਖ਼ਤਰੇ ਪੈਦਾ ਹੋ ਸਕਦੇ ਹਨ। ਭਾਰਤ ਨੂੰ ਗਰਮੀ ਦੇ ਮਾਮਲੇ ਵਿਚ ਦੁਨੀਆਂ ਦੇ ਸਭ ਤੋਂ ਕਮਜ਼ੋਰ ਦੇਸ਼ਾਂ ਵਿਚ ਸ਼ਾਮਲ ਕੀਤਾ ਗਿਆ ਹੈ। ਜੇਕਰ ਵਿਸ਼ਵ ਤਾਪਮਾਨ 3 ਡਿਗਰੀ ਸੈਲਸੀਅਸ ਵਧਦਾ ਹੈ ਤਾਂ ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਨੂੰ ਹਰ ਸਾਲ ਘੱਟੋ-ਘੱਟ 180 ਘੰਟਿਆਂ ਤੱਕ ਅਜਿਹੀ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨੂੰ ਸਰੀਰ ਲਈ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਲ ਮੰਨਿਆ ਜਾਂਦਾ ਹੈ।

ਰਿਪੋਰਟ ਮੁਤਾਬਕ ਇਸ ਗਰਮੀ ਦਾ ਨਕਾਰਾਤਮਕ ਪ੍ਰਭਾਵ ਦੇਸ਼ ਦੇ ਲਗਭਗ 80 ਫ਼ੀ ਸਦੀ ਬਜ਼ੁਰਗਾਂ ’ਤੇ ਪੈ ਸਕਦਾ ਹੈ। ਵਿਸ਼ਵ ਤਾਪਮਾਨ ਵਿਚ 1.5 ਡਿਗਰੀ ਸੈਲਸੀਅਸ ਵਾਧੇ ਦੀ ਸਥਿਤੀ ਵਿਚ ਦਿੱਲੀ ਅਤੇ ਗੰਗਾ ਦੇ ਮੈਦਾਨੀ ਇਲਾਕਿਆਂ ਦੇ ਬਜ਼ੁਰਗਾਂ ਨੂੰ ਹਰ ਸਾਲ ਲਗਭਗ 1,000 ਘੰਟਿਆਂ ਤੱਕ ਖ਼ਤਰਨਾਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਪਮਾਨ ਵਿਚ ਵਾਧਾ 3 ਡਿਗਰੀ ਸੈਲਸੀਅਸ ਤੱਕ ਪਹੁੰਚਣ ’ਤੇ ਇਹ ਮਿਆਦ 2,000 ਘੰਟਿਆਂ ਤੋਂ ਵੀ ਵੱਧ ਹੋ ਸਕਦੀ ਹੈ।

ਖੋਜਕਰਤਾਵਾਂ ਮੁਤਾਬਕ ਖ਼ਤਰਨਾਕ ਗਰਮੀ ਸਾਲ ਭਰ ਇਕਸਾਰ ਨਹੀਂ ਰਹੇਗੀ, ਬਲਕਿ ਇਸ ਦਾ ਵੱਡਾ ਹਿੱਸਾ ਮਈ ਤੋਂ ਸਤੰਬਰ ਦਰਮਿਆਨ ਰਹਿਣ ਦੀ ਸੰਭਾਵਨਾ ਹੈ। ਜੇਕਰ ਇਸ ਦੌਰਾਨ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਉੱਚਾ ਰਹਿੰਦਾ ਹੈ ਤਾਂ ਮਨੁੱਖੀ ਸਰੀਰ ਨੂੰ ਆਰਾਮ ਕਰਨ ਅਤੇ ਸਧਾਰਨ ਤਾਪਮਾਨ ’ਤੇ ਵਾਪਸ ਆਉਣ ਲਈ ਲੋੜੀਂਦਾ ਸਮਾਂ ਨਹੀਂ ਮਿਲੇਗਾ।

ਮਾਹਰਾਂ ਨੇ ਕਿਹਾ ਹੈ ਕਿ ਸਿਰਫ਼ ਗਰਮੀ ਸਬੰਧੀ ਚੇਤਾਵਨੀਆਂ ਜਾਰੀ ਕਰਨਾ ਕਾਫ਼ੀ ਨਹੀਂ ਹੈ। ਇਸ ਦੀ ਬਜਾਏ ਗਰਮੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਸਹਾਇਤਾ ਅਤੇ ਸੁਰੱਖਿਆ ਮੁਹੱਈਆ ਕਰਵਾਉਣ ’ਤੇ ਵਧੇਰੇ ਧਿਆਨ ਦੇਣ ਦੀ ਲੋੜ ਹੈ।