ਨਵੀਂ ਦਿੱਲੀ— ਕਹਿੰਦੇ ਹਨ ਕਿ ਜਦੋਂ ਘਰ ਵਿਚ ਛੋਟੇ ਬੱਚੇ ਹੁੰਦੇ ਹਨ ਤਾਂ ਮਾਤਾ-ਪਿਤਾ ਦੀ ਜ਼ਿੰਮੇਵਾਰੀ ਦੁੱਗਣੀ ਹੋ ਜਾਂਦੀ ਹੈ। ਬੱਚਿਆਂ ਨੂੰ ਕੁਝ ਪਤਾ ਨਹੀਂ ਹੁੰਦਾ ਕਿ ਉਹ ਕੀ ਕਰਨ ਜਾ ਰਹੇ ਹਨ। ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬੱਚੇ ਨਾਲ ਜੁੜਿਆ ਇਕ ਬੇਹੱਦ ਹੀ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਘਰ ਦੇ ਅੰਦਰ 11 ਮਹੀਨੇ ਦੇ ਇਕ ਛੋਟੇ ਬੱਚੇ ਦੀ ਬਾਲਟੀ ‘ਚ ਡੁੱਬਣ ਕਾਰਨ ਮੌਤ ਹੋ ਗਈ।

    ਦੱਸ ਦੇਈਏ ਕਿ ਇਹ ਹਾਦਸਾ ਦਿੱਲੀ ਦੇ ਮੰਡਾਵਲੀ ਇਲਾਕੇ ਦਾ ਹੈ, ਜਿੱਥੇ 11 ਮਹੀਨੇ ਦਾ ਇਕ ਮਾਸੂਮ ਬੱਚਾ ਬਾਲਟੀ ‘ਚ ਡੁੱਬ ਗਿਆ ਅਤੇ ਉਸ ਦੀ ਮੌਤ ਹੋ ਗਈ। ਦਰਅਸਲ ਜਿਸ ਸਮੇਂ ਇਹ ਘਟਨਾ ਵਾਪਰੀ, ਉਸ ਸਮੇਂ ਬੱਚੇ ਦੇ ਮਾਤਾ-ਪਿਤਾ ਸੌਂ ਰਹੇ ਸਨ। ਬੱਚੇ ਦੇ ਮਾਤਾ-ਪਿਤਾ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਉਨ੍ਹਾਂ ਦਾ ਬੱਚਾ ਨੀਂਦ ਵਿਚੋਂ ਉੱਠਿਆ ਅਤੇ ਗੋਡਿਆਂ ਭਾਰ ਤੁਰਦਾ ਹੋਇਆ ਬਾਲਟੀ ਵਿਚ ਡਿੱਗ ਗਿਆ। ਇਸੇ ਦੋਰਾਨ ਜਦੋਂ ਬੱਚੇ ਦੀ ਮਾਂ ਦੀ ਨੀਂਦ ਖੁੱਲ੍ਹੀ ਤਾਂ ਉਸ ਨੇ ਦੇਖਿਆ ਕਿ ਉਸ ਦਾ ਬੱਚਾ ਬਿਸਤਰੇ ’ਤੇ ਨਹੀਂ ਹੈ। ਜਿਸ ਤੋਂ ਬਾਅਦ ਉਹ ਬੱਚੇ ਨੂੰ ਆਲੇ-ਦੁਆਲੇ ਲੱੱਭਣ ਲੱਗੀ ਪਰ ਉਸ ਨੂੰ ਕਿਤੇ ਵੀ ਬੱਚਾ ਨਾ ਮਿਲਿਆ। ਇਸ ਤੋਂ ਬਾਅਦ ਮਾਂ ਦੀ ਨਜ਼ਰ ਬਾਲਟੀ ‘ਤੇ ਗਈ, ਜਿੱਥੇ ਬੱਚਾ ਸਿਰ ਦੇ ਭਾਰ ਬਾਲਟੀ ‘ਚ ਉਲਟਾ ਪਿਆ ਹੋਇਆ ਸੀ।

    ਇਹ ਦੇਖ ਕੇ ਮਾਂ ਦੇ ਹੋਸ਼ ਉੱਡ ਗਏ ਅਤੇ ਉਹ ਚੀਕਾਂ ਮਾਰਨ ਲੱਗੀ। ਗੁਆਂਢੀ ਇਕੱਠੇ ਹੋਏ ਗਏ ਅਤੇ ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਇਸ ਘਟਨਾ ਦੀ ਜਾਣਕਾਰੀ ਮੰਡਾਵਲੀ ਪੁਲਸ ਨੂੰ ਵੀ ਦਿੱਤੀ ਗਈ। ਪੁਲਸ ਨੇ ਲਾਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦਰਦਨਾਕ ਘਟਨਾ ਕਾਰਨ ਬੱਚੇ ਦੀ ਮਾਂ ਸਮੇਤ ਪੂਰਾ ਪਰਿਵਾਰ ਸਦਮੇ ਵਿਚ ਹੈ।