ਮਹਾਬਲੇਸ਼ਵਰ ‘ਚ ਮੂਸਲਾਧਾਰ ਮੀਂਹ ਦਾ ਕਹਿਰ, ਵੇਣਨਾ ਨਦੀ ‘ਤੇ ਪੁਲ ਟੁੱਟਿਆ; ਕਈ ਸੈਲਾਨੀ ਫਸੇ

ਸਤਾਰਾ (ਅਰਸ਼ਦੀਪ ਸਿੰਘ ਕਾਲੜਾ)  :- ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਮਹਾਬਲੇਸ਼ਵਰ ਵਿੱਚ ਲਗਾਤਾਰ ਪੈ ਰਹੇ ਮੂਸਲਾਧਾਰ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਭਾਰੀ ਬਾਰਸ਼ ਕਾਰਨ ਵੇਣਨਾ ਲੇਕ ਇਲਾਕੇ ਵਿੱਚ ਵੇਣਨਾ ਨਦੀ ‘ਤੇ ਬਣਿਆ ਇੱਕ ਛੋਟਾ ਪੁਲ ਅਚਾਨਕ ਢਹਿ ਗਿਆ, ਜਿਸ ਨਾਲ ਕਈ ਸੈਲਾਨੀ ਦੂਜੇ ਪਾਸੇ ਫਸ ਗਏ।

ਘਟਨਾ ਤੋਂ ਬਾਅਦ ਪੁਲ ਟੁੱਟਣ ਕਾਰਨ ਸੜਕੀ ਸੰਪਰਕ ਪੂਰੀ ਤਰ੍ਹਾਂ ਟੁੱਟ ਗਿਆ ਅਤੇ ਦੂਜੇ ਪਾਸੇ ਸਥਿਤ ਹੋਟਲਾਂ ਵਿੱਚ ਠਹਿਰੇ ਸੈਲਾਨੀ ਬਾਹਰ ਨਹੀਂ ਨਿਕਲ ਸਕੇ। ਸੂਚਨਾ ਮਿਲਦੇ ਹੀ ਪ੍ਰਸ਼ਾਸਨ, ਪੁਲਿਸ ਅਤੇ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਹਾਲਾਤਾਂ ਨੂੰ ਦੇਖਦਿਆਂ ਸੈਲਾਨੀਆਂ ਦੇ ਵਾਹਨਾਂ ਨੂੰ ਵੀ ਕਰੇਨ ਦੀ ਮਦਦ ਨਾਲ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ।

ਇਸ ਤੋਂ ਇਲਾਵਾ ਲਗਾਤਾਰ ਹੋ ਰਹੀ ਬਾਰਸ਼ ਕਾਰਨ ਵੇਣਨਾ ਲੇਕ ਅਤੇ ਲਿੰਗਮਾਲਾ ਖੇਤਰ ਦੇ ਕਈ ਘਰਾਂ ਦੇ ਆਲੇ-ਦੁਆਲੇ ਪਾਣੀ ਭਰ ਗਿਆ ਹੈ, ਜਿਸ ਨਾਲ ਸਥਾਨਕ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੌਸਮ ਵਿਭਾਗ ਅਨੁਸਾਰ ਮਹਾਬਲੇਸ਼ਵਰ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੀਬ 513 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ, ਜੋ ਆਮ ਨਾਲੋਂ ਕਾਫ਼ੀ ਵੱਧ ਹੈ। ਪ੍ਰਸ਼ਾਸਨ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਬਿਨਾਂ ਲੋੜ ਯਾਤਰਾ ਕਰਨ ਤੋਂ ਗੁਰੇਜ਼ ਕਰਨ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ।