
Skip to content

ਤਰਨਤਾਰਨ ‘ਚ ASI ਵੱਲੋਂ ਸੇਵਾ-ਮੁਕਤ ਹੋਮਗਾਰਡ ਨੂੰ AK-47 ਫੜਾਉਣ ਦਾ ਮਾਮਲਾ, SSP ਨੇ ਕੀਤਾ ਤਬਾਦਲਾ, ਵਿਭਾਗੀ ਜਾਂਚ ਸ਼ੁਰੂ
ਤਰਨਤਾਰਨ (ਅਰਸ਼ਦੀਪ ਸਿੰਘ ਕਾਲੜਾ) :- ਤਰਨਤਾਰਨ ਵਿੱਚ ਇੱਕ ਪੁਲਿਸ ਅਧਿਕਾਰੀ ਵੱਲੋਂ ਸਰਕਾਰੀ ਹਥਿਆਰ ਸੇਵਾ-ਮੁਕਤ ਹੋਮਗਾਰਡ ਕਰਮਚਾਰੀ ਦੇ ਹੱਥ ਵਿੱਚ ਦੇਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਤੁਰੰਤ ਕਾਰਵਾਈ ਕਰਦਿਆਂ ਏ.ਐਸ.ਆਈ. ਗੁਰਪ੍ਰੀਤ ਸਿੰਘ ਦਾ ਤਬਾਦਲਾ ਕਰ ਦਿੱਤਾ ਹੈ ਅਤੇ ਉਸ ਖ਼ਿਲਾਫ਼ ਵਿਭਾਗੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਜਾਣਕਾਰੀ ਅਨੁਸਾਰ ਏ.ਐਸ.ਆਈ. ਗੁਰਪ੍ਰੀਤ ਸਿੰਘ, ਜੋ ਲੰਬੇ ਸਮੇਂ ਤੋਂ ਇੱਕ ਪੁਲਿਸ ਚੌਕੀ ਵਿੱਚ ਤਾਇਨਾਤ ਸੀ, ਦੇ ਨਾਲ ਇੱਕ ਸੇਵਾ-ਮੁਕਤ ਹੋਮਗਾਰਡ ਕਰਮਚਾਰੀ ਅਕਸਰ ਨਜ਼ਰ ਆਉਂਦਾ ਸੀ। ਦੋਸ਼ ਹਨ ਕਿ ਕਬੱਡੀ ਟੂਰਨਾਮੈਂਟ ਦੌਰਾਨ ਉਕਤ ਵਿਅਕਤੀ ਸਰਕਾਰੀ ਏ.ਕੇ.-47 ਰਾਈਫਲ ਗਲ ਵਿੱਚ ਪਾ ਕੇ ਫੋਟੋਆਂ ਅਤੇ ਵੀਡੀਓ ਬਣਾਉਂਦਾ ਨਜ਼ਰ ਆਇਆ, ਜੋ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ।
ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਐਸ.ਐਸ.ਪੀ. ਨੇ ਤੁਰੰਤ ਕਾਰਵਾਈ ਕਰਦਿਆਂ ਏ.ਐਸ.ਆਈ. ਦਾ ਤਬਾਦਲਾ ਕਰ ਦਿੱਤਾ। ਏ.ਐਸ.ਪੀ. ਹੈੱਡਕੁਆਰਟਰ ਸੁਖਨਿੰਦਰ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੇ ਆਧਾਰ ‘ਤੇ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਏ.ਐਸ.ਪੀ. ਨੇ ਇਹ ਵੀ ਸਪੱਸ਼ਟ ਕੀਤਾ ਕਿ ਵੀਡੀਓ ਵਿੱਚ ਸਰਕਾਰੀ ਏ.ਕੇ.-47 ਫੜ੍ਹਿਆ ਵਿਅਕਤੀ ਕੋਈ ਆਮ ਨਿੱਜੀ ਵਿਅਕਤੀ ਨਹੀਂ, ਸਗੋਂ ਸੇਵਾ-ਮੁਕਤ ਹੋਮਗਾਰਡ ਕਰਮਚਾਰੀ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਰਿਪੋਰਟ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

Related