ਗ੍ਰੇਟਰ ਨੋਇਡਾ/ਅਮਿਤ ਨੱਖਵਾਲ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਯਮੁਨਾ ਐਕਸਪ੍ਰੈਸਵੇਅ ’ਤੇ ਐਤਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਜੇਵਰ ਥਾਣਾ ਖੇਤਰ ਵਿੱਚ ਨੋਇਡਾ ਤੋਂ ਆਗਰਾ ਵੱਲ ਜਾ ਰਿਹਾ ਇੱਕ ਟਰੱਕ ਬੇਕਾਬੂ ਹੋ ਗਿਆ ਅਤੇ ਰੇਲਿੰਗ ਤੇ ਡਿਵਾਈਡਰ ਤੋੜਦਾ ਹੋਇਆ ਸੜਕ ਦੇ ਦੂਜੇ ਪਾਸੇ ਜਾ ਵੜਿਆ। ਇਸ ਦੌਰਾਨ ਟਰੱਕ ਇੱਕ ਕਾਰ ਨਾਲ ਜਾ ਟਕਰਾਇਆ ਅਤੇ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।

ਹਾਦਸੇ ਵਿੱਚ ਕਾਰ ਸਵਾਰ ਚਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਜੇਵਰ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਹਾਲਾਂਕਿ ਇਲਾਜ ਦੌਰਾਨ ਡਾਕਟਰਾਂ ਨੇ ਚਾਰੇ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ।

ਟੱਕਰ ਕਾਰਨ ਟਰੱਕ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਪੁਲਿਸ ਨੇ ਮਾਮਲੇ ਵਿੱਚ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਰਿਪੋਰਟ: ਅਮਿਤ ਨੱਖਵਾਲ