ਚੰਡੀਗੜ੍ਹ (ਅਰਸ਼ਦੀਪ ਸਿੰਘ ਕਾਲੜਾ) :- ਅਗਨੀਵੀਰਾਂ ਦੇ ਪਹਿਲੇ ਬੈਚ ਦਾ ਚਾਰ ਸਾਲਾਂ ਦਾ ਕਾਰਜਕਾਲ ਇਸ ਸਾਲ ਦੇ ਅੰਤ ਤੱਕ ਪੂਰਾ ਹੋਣ ਜਾ ਰਿਹਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਨੇ ਰਾਜ ਨਾਲ ਸਬੰਧਤ ਅਗਨੀਵੀਰਾਂ ਦੇ ਸੇਵਾ-ਕਾਲ ਤੋਂ ਬਾਅਦ ਪੁਨਰਵਾਸ ਲਈ ਇੱਕ ਵਿਸ਼ੇਸ਼ ਨੀਤੀ ਦਾ ਖਰੜਾ ਤਿਆਰ ਕੀਤਾ ਹੈ, ਜਿਸ ਵਿੱਚ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਰਾਖਵਾਂਕਰਨ ਦਾ ਪ੍ਰਬੰਧ ਕੀਤਾ ਗਿਆ ਹੈ।
ਸਰਕਾਰੀ ਸੂਤਰਾਂ ਅਨੁਸਾਰ, ਨਵੀਂ ਨੀਤੀ ਤਹਿਤ ਖਾਣ ਵਿਭਾਗ ਵਿੱਚ ਗਾਰਡਾਂ ਦੀਆਂ 20 ਫੀਸਦੀ ਅਸਾਮੀਆਂ ਅਗਨੀਵੀਰਾਂ ਲਈ ਰਾਖਵੀਆਂ ਰੱਖਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ, ਹੋਮ ਗਾਰਡ ਅਤੇ ਜੰਗਲਾਤ ਤੇ ਜੰਗਲੀ ਜੀਵ ਵਿਭਾਗ ਵਿੱਚ ਫਾਰੈਸਟ ਗਾਰਡ ਅਤੇ ਕਾਂਸਟੇਬਲ ਦੀਆਂ 10 ਫੀਸਦੀ ਅਸਾਮੀਆਂ ਵੀ ਅਗਨੀਵੀਰਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ।
ਰਾਜ ਸਰਕਾਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨੀਤੀ ਪਰਸੋਨਲ ਵਿਭਾਗ ਵੱਲੋਂ ਰੱਖਿਆ ਸੇਵਾਵਾਂ ਭਲਾਈ ਵਿਭਾਗ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਫਿਲਹਾਲ ਇਸ ਨੂੰ ਸਹਿਮਤੀ ਲਈ ਮੁੱਖ ਸਕੱਤਰ ਕੋਲ ਭੇਜਿਆ ਗਿਆ ਹੈ। ਮੁੱਖ ਸਕੱਤਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਨੀਤੀ ਨੂੰ ਅੰਤਿਮ ਪ੍ਰਵਾਨਗੀ ਲਈ ਪੰਜਾਬ ਕੈਬਨਿਟ ਅੱਗੇ ਪੇਸ਼ ਕੀਤਾ ਜਾਵੇਗਾ।
ਇਸ ਨੀਤੀ ਦਾ ਉਦੇਸ਼ ਚਾਰ ਸਾਲ ਦੀ ਸੇਵਾ ਪੂਰੀ ਕਰਨ ਵਾਲੇ ਅਗਨੀਵੀਰਾਂ ਨੂੰ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਅਤੇ ਉਨ੍ਹਾਂ ਦੇ ਭਵਿੱਖ ਨੂੰ ਹੋਰ ਸੁਰੱਖਿਅਤ ਬਣਾਉਣਾ ਹੈ।


