ਫਗਵਾੜਾ (ਪੁਨੀਤ) ਆਮ ਆਦਮੀ ਪਾਰਟੀ ਵਲੋਂ ਫਗਵਾੜਾ ਦੇ ਨੌਜਵਾਨ ਆਗੂ ਅਮਰਿੰਦਰ ਸਿੰਘ ਸੈਣੀ ਨੂੰ ਪਾਰਟੀ ਪ੍ਰਤੀ ਵਫਾਦਾਰੀ ਅਤੇ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਲਗਾਤਾਰ ਦੂਸਰੀ ਵਾਰ ਬਲਾਕ ਪ੍ਰਧਾਨ ਐਲਾਨਿਆ ਗਿਆ ਹੈ। ਨਵ ਨਿਯੁਕਤ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਸੈਣੀ ਅਤੇ ਹੋਰਨਾਂ ਅਹੁਦੇਦਾਰਾਂ ਨੂੰ ਮੈਂਬਰ ਪਾਰਲੀਮੈਂਟ ਡਾ. ਰਾਜਕੁਮਾਰ ਚੱਬੇਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਅਤੇ ਹਲਕਾ ਇੰਚਾਰਜ ਹਰਨੂਰ ਸਿੰਘ ਹਰਜੀ ਮਾਨ ਵਲੋਂ ਸਿਰੋਪੇ ਪਾ ਕੇ ਸਨਮਾਨਤ ਕੀਤਾ ਗਿਆ। ਅਮਰਿੰਦਰ ਸਿੰਘ ਸੈਣੀ ਨੇ ਆਪਣੀ ਨਿਯੁਕਤੀ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪ੍ਰਧਾਨ ਅਮਨ ਅਰੋੜਾ ਸਮੇਤ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਆਪਣੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਦੇ ਨਾਲ ਜੋੜਨਗੇ। ਇਸ ਤੋਂ ਇਲਾਵਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਪ ਪਾਰਟੀ ਦੀਆਂ ਨੀਤੀਆਂ ਨੂੰ ਵੀ ਘਰੋ-ਘਰੀਂ ਪਹੁੰਚਾ ਕੇ ਅਗਲੀਆਂ ਵਿਧਾਨਸਭਾ ਚੋਣਾਂ ਲਈ ਜਿੱਤ ਦਾ ਰਾਹ ਪੱਧਰਾ ਕੀਤਾ ਜਾਵੇਗਾ। ਇਸ ਦੌਰਾਨ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ, ਮੇਅਰ ਰਾਮਪਾਲ ਉੱਪਲ, ਮਾਰਕਿਟ ਕਮੇਟੀ ਫ਼ਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਡਿਪਟੀ ਮੇਅਰ ਵਿੱਕੀ ਸੂਦ, ਗੁਰਦੀਪ ਦੀਪਾ, ਜਿਲ੍ਹਾ ਯੂਥ ਕੋਆਰਡੀਨੇਟਰ ਰਣਜੀਤ ਸਿੰਘ ਫਤਿਹ ਅਤੇ ਸੀਮਾ ਰਾਣਾ ਨੇ ਵੀ ਅਮਰਿੰਦਰ ਸਿੰਘ ਸੈਣੀ ਨੂੰ ਦੁਬਾਰਾ ਬਲਾਕ ਪ੍ਰਧਾਨ ਬਣਨ ‘ਤੇ ਸ਼ੁੱਭ ਇੱਛਾਵਾਂ ਦਿੱਤੀਆਂ।