Skip to content
ਫਗਵਾੜਾ (ਪੁਨੀਤ) ਪਿੰਡ ਸਾਹਨੀ ਦੇ ਉੱਘੇ ਸਮਾਜ ਸੇਵਕ ਰਣਜੀਤ ਸਿੰਘ ਰਾਣਾ ਦੀ ਵਲੋਂ ਦੀਵਾਨ ਟੋਡਰ ਮੱਲ ਵਿਰਾਸਤੀ ਫਾਉਂਡੇਸ਼ਨ ਪੰਜਾਬ ਦੇ ਸਹਿਯੋਗ ਨਾਲ ਪੰਜ ਲੋੜਵੰਦਾਂ ਦੀਆਂ ਅੱਖਾਂ ਦਾ ਫਰੀ ਓਪਰੇਸ਼ਨ ਕਰਵਾਇਆ ਗਿਆ। ਇਸ ਦੌਰਾਨ ਅੱਖਾਂ ਦੇ ਮਾਹਿਰ ਡਾ: ਵਰੁਣ ਸ਼ਰਮਾ ਸੁਪਰ ਆਈ ਕੇਅਰ ਹਸਪਤਾਲ ਨੇ ਲੋੜਵੰਦਾਂ ਦੀਆਂ ਅੱਖਾਂ ਦਾ ਸਫਲ ਆਪ੍ਰੇਸ਼ਨ ਕਰਦਿਆਂ ਲੈਂਜ ਪਾ ਕੇ ਨਵੀਂ ਰੌਸ਼ਨੀ ਦਿੱਤੀ। ਇਸ ਤੋਂ ਇਲਾਵਾ ਲੋੜਵੰਦਾਂ ਨੂੰ ਐਨਕਾਂ ਤੇ ਦਵਾਈਆਂ ਦੀ ਫਰੀ ਵੰਡ ਵੀ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੀਨੀਅਰ ਆਗੂ ਹਰਭਜਨ ਸਿੰਘ ਬਾਜਵਾ ਨੇ ਕਿਹਾ ਕਿ ਜੱਥੇਦਾਰ ਰਣਜੀਤ ਸਿੰਘ ਰਾਣਾ ਹਮੇਸ਼ਾ ਸਮਾਜ ਦੀ ਭਲਾਈ ਲਈ ਅਗਾਂਹ ਵੱਧ ਕੇ ਪੂਰੇ ਉਤਸ਼ਾਹ ਨਾਲ ਕੰਮ ਕਰਦੇ ਹਨ। ਅੱਖਾਂ ਦੇ ਫਰੀ ਆਪ੍ਰੇਸ਼ਨਾਂ ਨੂੰ ਮਨੁੱਖਤਾ ਦੀ ਸੱਚੀ ਸੇਵਾ ਦੱਸਦਿਆਂ ਉਹਨਾਂ ਨੇ ਕਿਹਾ ਕਿ ਫਰੀ ਆਪ੍ਰੇਸ਼ਨਾਂ ਰਾਹੀਂ ਜੱਥੇਦਾਰ ਰਾਣਾ ਬਹੁਤ ਹੀ ਵੱਡਾ ਪੁੰਨ ਖੱਟ ਰਹੇ ਹਨ ਅਤੇ ਕਿਉਂਕਿ ਇਸ ਤਰ੍ਹਾਂ ਦੇ ਉਪਰਾਲੇ ਲੋਕਾਂ ਲਈ ਆਸ ਤੇ ਉਮੀਦ ਦੀ ਕਿਰਨ ਬਣਦੇ ਹਨ। ਦੀਵਾਨ ਟੋਡਰ ਮੱਲ ਵਿਰਾਸਤੀ ਫਾਉਂਡੇਸ਼ਨ ਪੰਜਾਬ ਦੇ ਮੀਤ ਪ੍ਰਧਾਨ ਕਿਰਪਾਲ ਸਿੰਘ ਬਲਾਕੀਪੁਰ ਨੇ ਕਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਧਰਮ ਹੈ। ਉਹਨਾਂ ਦੱਸਿਆ ਕਿ ਜੱਥੇਦਾਰ ਰਣਜੀਤ ਸਿੰਘ ਰਾਣਾ ਸਾਹਨੀ ਵਲੋਂ ਹਰੇਕ ਸਾਲ ਦੇ ਅਖੀਰ ਵਿੱਚ ਅੱਖਾਂ ਦਾ ਫਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸਮਾਜ ਦੀ ਅਸਲ ਸੇਵਾ ਉਹੀ ਹੈ ਜਦੋਂ ਅਸੀਂ ਕਿਸੇ ਲੋੜਵੰਦ ਦੇ ਦਰਦ ਨੂੰ ਮਹਿਸੂਸ ਕਰਕੇ ਉਸਨੂੰ ਰਾਹਤ ਦੇਣ ਲਈ ਯਤਨ ਕਰਦੇ ਹਾਂ। ਉਹਨਾਂ ਦੱਸਿਆ ਕਿ ਉਹਨਾਂ ਦੀ ਫਾਉਂਡੇਸ਼ਨ ਸਮਾਜਿਕ ਅਤੇ ਧਾਰਮਿਕ ਖੇਤਰ ਵਿੱਚ ਵਢਮੁੱਲਾ ਯੋਗਦਾਨ ਪਾ ਰਹੀ ਹੈ। ਅੱਖਾਂ ਦੇ ਮਾਹਿਰ ਡਾ: ਵਰੁਣ ਸ਼ਰਮਾ ਨੇ ਅੱਖਾਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਉਮਰ ਦੇ ਨਾਲ ਮੋਤੀਆਬਿੰਦ ਹੌਲੀ ਹੌਲੀ ਵਧਦਾ ਹੈ, ਇਸ ਲਈ ਮਰੀਜ ਨੂੰ ਇਸ ਦਾ ਅਹਿਸਾਸ ਨਹੀਂ ਹੁੰਦਾ। ਜੇਕਰ ਸਮੇਂ ਸਿਰ ਜਾਂਚ ਕਰਵਾਈ ਜਾਵੇ ਤਾਂ ਰੁਟੀਨ ਜਾਂਚ ਵਿੱਚ ਇਲਾਜ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿੱਚ ਇੱਕ ਵਾਰ ਅੱਖਾਂ ਦੀ ਰੁਟੀਨ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਡਾ. ਵਰੁਣ ਸ਼ਰਮਾ ਨੇ ਭਰੋਸਾ ਦਿੱਤਾ ਕਿ ਉਹਨਾਂ ਦਾ ਹਸਪਤਾਲ ਵੱਧ ਤੋਂ ਵੱਧ ਲੋੜਵੰਦਾਂ ਦੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਿੱਚ ਸਹਿਯੋਗ ਕਰਦਾ ਰਹੇਗਾ। ਜੱਥੇਦਾਰ ਰਣਜੀਤ ਸਿੰਘ ਰਾਣਾ ਨੇ ਸਹਿਯੋਗ ਲਈ ਫਾਉਂਡੇਸ਼ਨ ਅਤੇ ਡਾ. ਵਰੁਣ ਸ਼ਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਹ ਸਾਡੇ ਸਮਾਜ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਜਿੱਥੇ ਲੋੜ ਹੈ, ਉਥੇ ਅਸੀਂ ਖੜੇ ਹੋਈਏ। ਇਸ ਮੌਕੇ ਆਰਤੀ, ਨੀਤੂ, ਮਾਲਾ, ਬਲਜਿੰਦਰ ਸਿੰਘ, ਮਨੀਸ਼ਾ ਅਤੇ ਅੰਸ਼ ਸੈਣੀ ਆਦਿ ਹਾਜਰ ਸਨ।
Related