ਫ਼ਿਲਮ ‘ਇਸ਼ਕਨਾਮਾ’ ਦੀ ਕਾਮਯਾਬੀ ਮਗਰੋਂ ਸ਼ਹਿਨਾਜ਼ ਗਿੱਲ ਤੇ ਜੈ ਰੰਧਾਵਾ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) :- ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਨੂੰ ਮਿਲ ਰਹੇ ਭਰਪੂਰ ਪਿਆਰ ਅਤੇ ਸਫ਼ਲਤਾ ਤੋਂ ਬਾਅਦ ਅਦਾਕਾਰ ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਦੋਵਾਂ ਕਲਾਕਾਰਾਂ ਨੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦਿਆਂ ਫ਼ਿਲਮ ਦੀ ਕਾਮਯਾਬੀ ਲਈ ਅਰਦਾਸ ਕੀਤੀ ਅਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ।

ਸੋਮਵਾਰ ਰਾਤ ਦੋਵਾਂ ਕਲਾਕਾਰਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਖਿੱਚੀਆਂ ਤਸਵੀਰਾਂ ਸਾਂਝੀਆਂ ਕੀਤੀਆਂ, ਜੋ ਕੁਝ ਹੀ ਸਮੇਂ ਵਿੱਚ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤੀਆਂ ਗਈਆਂ। ਪ੍ਰਸ਼ੰਸਕਾਂ ਨੇ ਦੋਵਾਂ ਦੀ ਸਾਦਗੀ ਅਤੇ ਗੁਰੂ ਘਰ ਪ੍ਰਤੀ ਸ਼ਰਧਾ ਦੀ ਖੂਬ ਸਰਾਹਨਾ ਕੀਤੀ।

ਜ਼ਿਕਰਯੋਗ ਹੈ ਕਿ 24 ਜੁਲਾਈ ਨੂੰ ਰਿਲੀਜ਼ ਹੋਈ ਪੰਜਾਬੀ ਫ਼ਿਲਮ ‘ਇਸ਼ਕਨਾਮਾ’ ਨੂੰ ਦਰਸ਼ਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ। ਇਸ ਸਫ਼ਲਤਾ ਦੇ ਮੌਕੇ ‘ਤੇ ਸ਼ਹਿਨਾਜ਼ ਗਿੱਲ ਅਤੇ ਜੈ ਰੰਧਾਵਾ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚ ਸ਼ਹਿਨਾਜ਼ ਗਿੱਲ ਚਿੱਟੇ ਸੂਟ ਅਤੇ ਸਿਰ ‘ਤੇ ਦੁਪੱਟਾ ਲਏ ਹੋਏ ਸ਼ਰਧਾ ਭਾਵ ਨਾਲ ਹੱਥ ਜੋੜ ਕੇ ਨਜ਼ਰ ਆ ਰਹੀ ਹੈ, ਜਦਕਿ ਜੈ ਰੰਧਾਵਾ ਸਾਦੇ ਪਹਿਰਾਵੇ ਵਿੱਚ ਗੁਰੂ ਘਰ ਅੰਦਰ ਮੱਥਾ ਟੇਕਦੇ ਦਿਖਾਈ ਦੇ ਰਹੇ ਹਨ। ਦੋਵਾਂ ਦੀ ਇਹ ਆਧਿਆਤਮਿਕ ਯਾਤਰਾ ਪ੍ਰਸ਼ੰਸਕਾਂ ਲਈ ਖਾਸ ਆਕਰਸ਼ਣ ਦਾ ਕੇਂਦਰ ਬਣੀ ਹੋਈ ਹੈ।