ਸ਼ਹਿਜ਼ਾਦ ਭੱਟੀ ਖ਼ਿਲਾਫ਼ NIA ਦਾ ਸ਼ਿਕੰਜਾ ਕੱਸਿਆ, ਸਪੈਸ਼ਲ ਕੋਰਟ ਨੇ ਜਾਰੀ ਕੀਤਾ ਓਪਨ-ਡੇਟਿਡ ਨਾਨ-ਬੇਲੇਬਲ ਵਾਰੰਟ

ਮੋਹਾਲੀ (ਅਰਸ਼ਦੀਪ ਸਿੰਘ ਕਾਲੜਾ) :- ਪਾਕਿਸਤਾਨੀ ਅੱਤਵਾਦੀ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸ਼ਹਿਜ਼ਾਦ ਭੱਟੀ ਖ਼ਿਲਾਫ਼ ਰਾਸ਼ਟਰੀ ਜਾਂਚ ਏਜੰਸੀ (NIA) ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਜਲੰਧਰ ਦੇ ਇਨਫਲੂਐਂਸਰ ਨਵਦੀਪ ਸਿੰਘ ਉਰਫ਼ ਰੌਜਰ ਸੰਧੂ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਸਥਿਤ NIA ਦੀ ਸਪੈਸ਼ਲ ਕੋਰਟ ਨੇ ਭੱਟੀ ਖ਼ਿਲਾਫ਼ ਓਪਨ-ਡੇਟਿਡ ਨਾਨ-ਬੇਲੇਬਲ ਵਾਰੰਟ ਜਾਰੀ ਕੀਤਾ ਹੈ।

ਅਦਾਲਤ ਨੇ ਆਪਣੇ ਹੁਕਮ ਵਿੱਚ ਮੰਨਿਆ ਕਿ ਦੋਸ਼ੀ ਲਗਾਤਾਰ ਫਰਾਰ ਹੈ ਅਤੇ ਉਸ ਦੇ ਅਪਰਾਧ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸ ਨੂੰ ਸੰਮਨ ਜਾਂ ਜ਼ਮਾਨਤੀ ਵਾਰੰਟ ਰਾਹੀਂ ਅਦਾਲਤ ਵਿੱਚ ਪੇਸ਼ ਕਰਵਾਉਣਾ ਸੰਭਵ ਨਹੀਂ ਹੈ। ਇਸ ਲਈ ਉਸ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨਾ ਜ਼ਰੂਰੀ ਸੀ।

NIA ਦੇ ਇਨਪੁਟ ਅਨੁਸਾਰ ਸ਼ਹਿਜ਼ਾਦ ਭੱਟੀ ਇਸ ਸਮੇਂ ਬ੍ਰਾਜ਼ੀਲ ਵਿੱਚ ਲੁਕਿਆ ਹੋਇਆ ਹੈ ਅਤੇ ਉੱਥੋਂ ਹੀ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਅਤੇ ਸੰਚਾਲਿਤ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਏਜੰਸੀ ਹੁਣ ਉਸ ਨੂੰ ਭਾਰਤ ਲਿਆਉਣ ਲਈ ਅਗਲੀ ਕਾਨੂੰਨੀ ਕਾਰਵਾਈ ਵਿੱਚ ਜੁਟ ਗਈ ਹੈ।

ਕਾਨੂੰਨੀ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਾਨ-ਬੇਲੇਬਲ ਵਾਰੰਟ ਦੇ ਆਧਾਰ ‘ਤੇ ਹੁਣ ਇੰਟਰਪੋਲ ਤੋਂ ਰੈੱਡ ਕਾਰਨਰ ਨੋਟਿਸ ਜਾਰੀ ਕਰਵਾਉਣ ਅਤੇ ਹਵਾਲਗੀ (Extradition) ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ। ਇਹ ਵਾਰੰਟ ਦੋਸ਼ੀ ਦੀ ਗ੍ਰਿਫ਼ਤਾਰੀ ਤੱਕ ਪ੍ਰਭਾਵੀ ਰਹੇਗਾ।

ਜ਼ਿਕਰਯੋਗ ਹੈ ਕਿ ਇਸ ਤਰ੍ਹਾਂ ਦਾ ਓਪਨ-ਡੇਟਿਡ ਨਾਨ-ਬੇਲੇਬਲ ਵਾਰੰਟ ਪਹਿਲਾਂ ਕੁਖਿਆਤ ਪਾਕਿਸਤਾਨੀ ਅੱਤਵਾਦੀ ਮਸੂਦ ਅਜ਼ਹਰ ਖ਼ਿਲਾਫ਼ ਵੀ ਜਾਰੀ ਕੀਤਾ ਜਾ ਚੁੱਕਾ ਹੈ। ਹੁਣ ਸ਼ਹਿਜ਼ਾਦ ਭੱਟੀ ਖ਼ਿਲਾਫ਼ ਇਸ ਕਾਰਵਾਈ ਨੂੰ ਭਾਰਤ ਦੀਆਂ ਜਾਂਚ ਏਜੰਸੀਆਂ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ਵਿੱਚ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।