
Skip to content

ਗੰਦਰਬਲ ‘ਚ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਹਾਦਸਾਗ੍ਰਸਤ, 39 ਸ਼ਰਧਾਲੂ ਜ਼ਖਮੀ; LG ਮਨੋਜ ਸਿਨਹਾ ਨੇ ਲਿਆ ਹਾਲਚਾਲ
ਗੰਦਰਬਲ (ਅਰਸ਼ਦੀਪ ਸਿੰਘ ਕਾਲੜਾ) : ਕੇਂਦਰੀ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਦੇ ਗਨੀਵਾਨ (ਗੁੰਡ) ਇਲਾਕੇ ਵਿੱਚ ਮੰਗਲਵਾਰ ਸਵੇਰੇ ਅਮਰਨਾਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਪਹਾੜੀ ਸੜਕ ‘ਤੇ ਬੱਸ ਦਾ ਸੰਤੁਲਨ ਵਿਗੜਨ ਕਾਰਨ ਉਹ ਪਲਟ ਕੇ ਸੜਕ ਕਿਨਾਰੇ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ 39 ਸ਼ਰਧਾਲੂ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਤੁਰੰਤ ਬਚਾਅ ਕਰਕੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਜੰਮੂ-ਕਸ਼ਮੀਰ ਪੁਲਿਸ, ਭਾਰਤੀ ਫੌਜ ਦੀ 21 ਰਾਸ਼ਟਰੀ ਰਾਈਫਲਜ਼ (RR), ਆਈਟੀਬੀਪੀ, ਸੀਆਰਪੀਐਫ ਦੀ 118 ਬਟਾਲੀਅਨ, 2 ਅਸਾਮ ਰਾਈਫਲਜ਼, ਯਾਤਰਾ ਪੁਲਿਸ ਅਤੇ ਸਥਾਨਕ ਵਲੰਟੀਅਰ ਮੌਕੇ ‘ਤੇ ਪਹੁੰਚ ਗਏ। ਸਾਂਝੇ ਬਚਾਅ ਅਭਿਆਨ ਦੌਰਾਨ ਬੱਸ ਵਿੱਚ ਫਸੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ।
ਡਾਕਟਰਾਂ ਦੇ ਅਨੁਸਾਰ ਜ਼ਿਆਦਾਤਰ ਸ਼ਰਧਾਲੂਆਂ ਨੂੰ ਸਧਾਰਣ ਸੱਟਾਂ ਲੱਗੀਆਂ ਹਨ, ਜਦਕਿ ਕੁਝ ਦੀ ਹਾਲਤ ‘ਤੇ ਨਜ਼ਦੀਕੀ ਨਿਗਰਾਨੀ ਰੱਖੀ ਜਾ ਰਹੀ ਹੈ। ਜ਼ਖਮੀ ਯਾਤਰੀ ਇਸ ਵੇਲੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (SKIMS) ਵਿੱਚ ਇਲਾਜ ਅਧੀਨ ਹਨ।
ਇਸ ਦੌਰਾਨ ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਮਨੋਜ ਸਿਨਹਾ ਨੇ ਡਿਪਟੀ ਕਮਿਸ਼ਨਰ ਗੰਦਰਬਲ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਜ਼ਖਮੀ ਸ਼ਰਧਾਲੂਆਂ ਦੀ ਸਿਹਤ ਬਾਰੇ ਜਾਣਕਾਰੀ ਲਈ। ਉਨ੍ਹਾਂ ਨੇ ਸਾਰੇ ਜ਼ਖਮੀਆਂ ਨੂੰ ਬਿਹਤਰੀਨ ਇਲਾਜ ਅਤੇ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ।
ਮਨੋਜ ਸਿਨਹਾ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬਾਬਾ ਬਰਫਾਨੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸ਼ਰਧਾਲੂਆਂ ਦੇ ਹਾਦਸੇ ‘ਤੇ ਉਨ੍ਹਾਂ ਨੂੰ ਗਹਿਰਾ ਦੁੱਖ ਹੈ ਅਤੇ ਉਹ ਭਗਵਾਨ ਸ਼ਿਵ ਅੱਗੇ ਸਾਰੇ ਜ਼ਖਮੀਆਂ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਨ।
ਉੱਧਰ, ਪੁਲਿਸ ਨੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਵਿੱਚ ਪਹਾੜੀ ਸੜਕ ‘ਤੇ ਬੱਸ ਦਾ ਕੰਟਰੋਲ ਖੋ ਬੈਠਣ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਹਾਲਾਂਕਿ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਹੀ ਅਧਿਕਾਰਿਕ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸਾਲਾਨਾ ਸ਼੍ਰੀ ਅਮਰਨਾਥ ਯਾਤਰਾ ਪਹਿਲਾਂ ਵਾਂਗ ਜਾਰੀ ਹੈ।

Related