ਇਕੋ ਪਿੰਡ ਦੇ ਮੁੰਡਾ-ਕੁੜੀ ਦੇ ਵਿਆਹ ‘ਤੇ ਪਾਬੰਦੀ! ਬੋਪਾਰਾਏ ਕਲਾਂ ਪੰਚਾਇਤ ਦਾ ਵੱਡਾ ਫ਼ੈਸਲਾ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ): ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਬੋਪਾਰਾਏ ਕਲਾਂ ਦੀ ਪੰਚਾਇਤ ਨੇ ਪਿੰਡ ਦੀਆਂ ਸਦੀਆਂ ਪੁਰਾਣੀਆਂ ਪਰੰਪਰਾਵਾਂ, ਭਾਈਚਾਰਕ ਸਾਂਝ ਅਤੇ ਸਮਾਜਕ ਮਰਿਆਦਾਵਾਂ ਨੂੰ ਕਾਇਮ ਰੱਖਣ ਲਈ ਇੱਕ ਅਹਿਮ ਮਤਾ ਪਾਸ ਕੀਤਾ ਹੈ। ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਜੇਕਰ ਪਿੰਡ ਦਾ ਕੋਈ ਵੀ ਮੁੰਡਾ ਅਤੇ ਕੁੜੀ ਆਪਸ ਵਿੱਚ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਪਿੰਡ ਦੇ ਸਰਪੰਚ ਸ਼ਿਸ਼ਪਾਲ ਸਿੰਘ ਨੇ ਕਿਹਾ ਕਿ ਪਿੰਡ ਦੇ ਸਾਰੇ ਪੁੱਤਰ-ਧੀਆਂ ਨੂੰ ਭੈਣ-ਭਰਾ ਦਾ ਦਰਜਾ ਦਿੱਤਾ ਜਾਂਦਾ ਹੈ। ਇਸ ਲਈ ਇੱਕੋ ਪਿੰਡ ਵਿੱਚ ਵਿਆਹ ਕਰਵਾਉਣਾ ਪਿੰਡ ਦੀਆਂ ਰਵਾਇਤਾਂ ਅਤੇ ਸਮਾਜਕ ਬਣਤਰ ਦੇ ਉਲਟ ਮੰਨਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਕਾਰਨ ਪਰਿਵਾਰਾਂ ਵਿੱਚ ਤਣਾਅ ਪੈਦਾ ਹੁੰਦਾ ਹੈ ਅਤੇ ਪਿੰਡ ਦਾ ਮਾਹੌਲ ਵੀ ਪ੍ਰਭਾਵਿਤ ਹੁੰਦਾ ਹੈ। ਇਸੇ ਲਈ ਪੰਚਾਇਤ ਨੇ ਸਰਬਸੰਮਤੀ ਨਾਲ ਇਹ ਫ਼ੈਸਲਾ ਲਿਆ ਹੈ ਤਾਂ ਜੋ ਪਿੰਡ ਦੀ ਭਾਈਚਾਰਕ ਏਕਤਾ ਅਤੇ ਸਦਭਾਵਨਾ ਨੂੰ ਬਰਕਰਾਰ ਰੱਖਿਆ ਜਾ ਸਕੇ।

ਪੰਚਾਇਤ ਦਾ ਮੰਨਣਾ ਹੈ ਕਿ ਇਸ ਫ਼ੈਸਲੇ ਨਾਲ ਨੌਜਵਾਨ ਪੀੜ੍ਹੀ ਨੂੰ ਪਿੰਡ ਦੀਆਂ ਨੈਤਿਕ ਕਦਰਾਂ-ਕੀਮਤਾਂ, ਰਵਾਇਤਾਂ ਅਤੇ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਕਰਨ ਲਈ ਪ੍ਰੇਰਨਾ ਮਿਲੇਗੀ। ਹਾਲਾਂਕਿ, ਇਸ ਫ਼ੈਸਲੇ ਨੂੰ ਲੈ ਕੇ ਸਮਾਜ ਵਿੱਚ ਵੱਖ-ਵੱਖ ਪ੍ਰਤੀਕਿਰਿਆਵਾਂ ਸਾਹਮਣੇ ਆ ਸਕਦੀਆਂ ਹਨ, ਕਿਉਂਕਿ ਵਿਆਹ ਅਤੇ ਨਿੱਜੀ ਚੋਣ ਨਾਲ ਜੁੜੇ ਮਾਮਲੇ ਕਾਨੂੰਨੀ ਅਤੇ ਸੰਵਿਧਾਨਕ ਅਧਿਕਾਰਾਂ ਨਾਲ ਵੀ ਸੰਬੰਧਿਤ ਹਨ।