
Skip to content

ਜਲੰਧਰ: ਐਲ.ਏ.ਡੀ.ਸੀ. ਪਾਲਿਸੀ ਖ਼ਿਲਾਫ਼ ਵਕੀਲਾਂ ਦੇ ਸੰਘਰਸ਼ ਨੂੰ ਭਾਜਪਾ ਦਾ ਸਮਰਥਨ, ਅਸ਼ੋਕ ਸਰੀਨ ਹਿੱਕੀ ਧਰਨੇ ‘ਚ ਪਹੁੰਚੇ
ਜਲੰਧਰ (ਨਵੀਨ ਪੁਰੀ/ਅਰਸ਼ਦੀਪ ਸਿੰਘ ਕਾਲੜਾ): ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਵਿੱਚ ਐਲ.ਏ.ਡੀ.ਸੀ. (LADC) ਪਾਲਿਸੀ ਦੇ ਵਿਰੋਧ ਵਿੱਚ ਚੱਲ ਰਹੇ ਅੰਦੋਲਨ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਭਾਜਪਾ ਲੀਗਲ ਸੈੱਲ ਦੀ ਟੀਮ ਸਮੇਤ ਧਰਨੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਨੇ ਵਕੀਲ ਭਾਈਚਾਰੇ ਨਾਲ ਇਕਜੁੱਟਤਾ ਜਤਾਉਂਦੇ ਹੋਏ ਉਨ੍ਹਾਂ ਦੇ ਸੰਘਰਸ਼ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।
ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ ਪੰਜਾਬ ਵਕੀਲ ਭਾਈਚਾਰੇ ਦੀਆਂ ਜਾਇਜ਼ ਮੰਗਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹੀ ਹੈ ਅਤੇ ਉਨ੍ਹਾਂ ਦੀ ਆਵਾਜ਼ ਨੂੰ ਸਰਕਾਰ ਤੱਕ ਪੂਰੀ ਮਜ਼ਬੂਤੀ ਨਾਲ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਐਲ.ਏ.ਡੀ.ਸੀ. ਪਾਲਿਸੀ ਨਾ ਸਿਰਫ਼ ਵਕੀਲਾਂ ਦੇ ਹਿੱਤਾਂ ਦੇ ਵਿਰੁੱਧ ਹੈ, ਸਗੋਂ ਇਸ ਨਾਲ ਕਾਨੂੰਨ-ਵਿਵਸਥਾ ‘ਤੇ ਵੀ ਨਕਾਰਾਤਮਕ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਇਸ ਨੀਤੀ ਨੂੰ ਲਾਗੂ ਕੀਤਾ ਗਿਆ ਤਾਂ ਅਪਰਾਧਿਕ ਗਤੀਵਿਧੀਆਂ ਨੂੰ ਹੌਸਲਾ ਮਿਲਣ ਅਤੇ ਸਮਾਜ ਵਿਰੋਧੀ ਤੱਤਾਂ ਦੇ ਸਰਗਰਮ ਹੋਣ ਦਾ ਖ਼ਤਰਾ ਵੀ ਵੱਧ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਗੰਭੀਰ ਮਸਲੇ ਨੂੰ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਵੱਲੋਂ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਮੇਘਵਾਲ ਨੂੰ ਪੱਤਰ ਲਿਖ ਕੇ ਐਲ.ਏ.ਡੀ.ਸੀ. ਪਾਲਿਸੀ ‘ਤੇ ਮੁੜ ਵਿਚਾਰ ਕਰਨ ਅਤੇ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ ਹੈ, ਤਾਂ ਜੋ ਵਕੀਲ ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।
ਅਸ਼ੋਕ ਸਰੀਨ ਨੇ ਭਰੋਸਾ ਦਿਵਾਇਆ ਕਿ ਭਾਜਪਾ ਇਸ ਮਸਲੇ ਨੂੰ ਹਰ ਪੱਧਰ ‘ਤੇ ਮਜ਼ਬੂਤੀ ਨਾਲ ਉਠਾਏਗੀ ਅਤੇ ਜਲਦ ਤੋਂ ਜਲਦ ਹੱਲ ਲਈ ਲਗਾਤਾਰ ਯਤਨ ਕਰੇਗੀ।
ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਆਦਿਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਭਾਜਪਾ ਲੀਗਲ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਮੇਜਰ, ਸਾਬਕਾ ਲੀਗਲ ਸੈੱਲ ਪ੍ਰਧਾਨ ਆਰ. ਕੇ. ਭੱਲਾ, ਸੰਜੀਵ ਬੰਸਲ, ਸੰਜੀਵ ਕੰਬੋਜ, ਕਰਨ ਕਾਲੀਆ, ਰਾਜੇਸ਼ ਖੰਨਾ, ਮਨੀਤ ਮਲਹੋਤਰਾ, ਪ੍ਰਦੀਪ ਸ਼ਰਮਾ, ਅਨੁਜ ਮਹਿਤਾ, ਰਾਕੇਸ਼ ਧੀਰ, ਵਿਕਾਸ ਭਾਰਦਵਾਜ, ਨਿਖਿਲ ਸ਼ਰਮਾ, ਸ਼ੈਂਕੀ ਦਿਓਲ ਅਤੇ ਦਵਿੰਦਰ ਲੁਬਾਣਾ ਡਿੰਪੀ ਐਡਵੋਕੇਟ ਸਮੇਤ ਵੱਡੀ ਗਿਣਤੀ ਵਿੱਚ ਵਕੀਲ ਅਤੇ ਭਾਜਪਾ ਆਗੂ ਮੌਜੂਦ ਸਨ।

Related