
Skip to content

ਨਾਟਯਮ ਕੈਫੇ ਦੇ ਵੜੇ ’ਚੋਂ ਮਿਲਿਆ ਕੀੜਾ, ਵੀਡੀਓ ਵਾਇਰਲ
ਫੂਡ ਸੇਫਟੀ ਤੇ ਹਾਈਜੀਨ ਮਾਪਦੰਡਾਂ ’ਤੇ ਉੱਠੇ ਸਵਾਲ, ਗਾਹਕ ਨੇ ਪ੍ਰਬੰਧਕ ਕੋਲ ਕੀਤੀ ਸ਼ਿਕਾਇਤ
ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ) : ਸ਼ਹਿਰ ਦੇ ਪੌਸ਼ ਖੇਤਰ ਮਦਨ ਮੋਹਨ ਮਾਲਵੀਆ ਰੋਡ ਸਥਿਤ ਸਾਊਥ ਇੰਡੀਅਨ ਕੈਫੇ ‘ਨਾਟਯਮ’ ਵਿੱਚ ਪਰੋਸੇ ਗਏ ਖਾਣੇ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ। ਇੱਥੇ ਖਾਣਾ ਖਾਣ ਪਹੁੰਚੇ ਇੱਕ ਗਾਹਕ ਦੀ ਪਲੇਟ ਵਿੱਚ ਪਰੋਸੇ ਗਏ ਵੜੇ ਦੇ ਅੰਦਰੋਂ ਕਥਿਤ ਤੌਰ ’ਤੇ ਮਰਿਆ ਹੋਇਆ ਕੀੜਾ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਗਾਹਕ ਸਾਊਥ ਇੰਡੀਅਨ ਖਾਣਾ ਖਾਣ ਲਈ ਕੈਫੇ ਵਿੱਚ ਗਿਆ ਸੀ। ਆਰਡਰ ਆਉਣ ਤੋਂ ਬਾਅਦ ਜਦੋਂ ਉਸ ਨੇ ਵੜੇ ਦੀ ਪਹਿਲੀ ਬੁਰਕੀ ਲਈ ਤਾਂ ਉਸ ਨੂੰ ਵੜੇ ਦੇ ਅੰਦਰ ਕੀੜਾ ਨਜ਼ਰ ਆਇਆ। ਇਸ ਤੋਂ ਬਾਅਦ ਗਾਹਕ ਨੇ ਤੁਰੰਤ ਕੈਫੇ ਦੇ ਪ੍ਰਬੰਧਕ ਨੂੰ ਬੁਲਾ ਕੇ ਮਾਮਲੇ ਦੀ ਸ਼ਿਕਾਇਤ ਕੀਤੀ।
ਗਾਹਕ ਵੱਲੋਂ ਬਣਾਈ ਗਈ ਵੀਡੀਓ ਵਿੱਚ ਵੜੇ ਦੇ ਅੰਦਰ ਫਸੇ ਕੀੜੇ ਨੂੰ ਦਿਖਾਇਆ ਗਿਆ ਹੈ। ਗਾਹਕ ਦਾ ਦਾਅਵਾ ਹੈ ਕਿ ਕੈਫੇ ਪ੍ਰਬੰਧਕ ਨੇ ਮੌਕੇ ’ਤੇ ਗਲਤੀ ਮੰਨਦਿਆਂ ਮੁਆਫ਼ੀ ਮੰਗੀ ਅਤੇ ਇਸ ਨੂੰ ਅਣਜਾਣੇ ਵਿੱਚ ਹੋਈ ਘਟਨਾ ਦੱਸਿਆ।
ਪੌਸ਼ ਇਲਾਕੇ ਦੇ ਇੱਕ ਪ੍ਰਸਿੱਧ ਕੈਫੇ ਵਿੱਚ ਖਾਣੇ ਦੇ ਅੰਦਰੋਂ ਕੀੜਾ ਮਿਲਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਫੂਡ ਸੇਫਟੀ ਅਤੇ ਸਫਾਈ ਪ੍ਰਬੰਧਾਂ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਹੁਣ ਦੇਖਣਾ ਹੋਵੇਗਾ ਕਿ ਵਾਇਰਲ ਵੀਡੀਓ ਦਾ ਨੋਟਿਸ ਲੈਂਦਿਆਂ ਸਥਾਨਕ ਪ੍ਰਸ਼ਾਸਨ ਜਾਂ ਫੂਡ ਸੇਫਟੀ ਵਿਭਾਗ ਵੱਲੋਂ ਕੈਫੇ ਦੀ ਜਾਂਚ ਕਰਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਜਾਂ ਨਹੀਂ।

Related