ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ: ਐਨਕਾਊਂਟਰ ਦੌਰਾਨ ਦੋ ਕਥਿਤ ਸ਼ੂਟਰ ਗ੍ਰਿਫਤਾਰ, ਹਥਿਆਰ ਬਰਾਮਦ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖਲਚੀਆਂ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਦੋ ਕਥਿਤ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਰਵਾਈ ਦੌਰਾਨ ਮੁਲਜ਼ਮਾਂ ਕੋਲੋਂ ਇੱਕ .32 ਬੋਰ ਅਤੇ ਇੱਕ 9 ਐਮਐਮ ਪਿਸਤੌਲ ਬਰਾਮਦ ਹੋਏ ਹਨ।

ਪੁਲਿਸ ਮੁਤਾਬਕ ਗ੍ਰਿਫਤਾਰ ਮੁਲਜ਼ਮ ਹੀਰਾ ਸਿੰਘ ਅਤੇ ਲਵਪ੍ਰੀਤ ਸਿੰਘ ਵਿਦੇਸ਼ ਵਿੱਚ ਬੈਠੇ ਗੈਂਗਸਟਰ ਅਮਨਦੀਪ ਸਿੰਘ ਉਰਫ਼ ਮੰਨਾ ਦੇ ਨੈੱਟਵਰਕ ਨਾਲ ਜੁੜੇ ਹੋਏ ਸਨ ਅਤੇ ਕਿਸੇ ਵੱਡੀ ਵਾਰਦਾਤ ਦੀ ਤਿਆਰੀ ਕਰ ਰਹੇ ਸਨ।

ਐਨਕਾਊਂਟਰ ਦੌਰਾਨ ਜਵਾਬੀ ਫਾਇਰਿੰਗ ਵਿੱਚ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਦੋਵੇਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਗੈਂਗ ਨੈੱਟਵਰਕ ਬਾਰੇ ਹੋਰ ਖੁਲਾਸਿਆਂ ਦੀ ਉਮੀਦ ਜਤਾਈ ਜਾ ਰਹੀ ਹੈ।