ਲਖਨਊ ਕੋਚਿੰਗ ਸੈਂਟਰ ਅੱਗ ਹਾਦਸਾ: 15 ਮੌਤਾਂ, ਗੈਰ-ਕਾਨੂੰਨੀ ਇਮਾਰਤ ਤੇ ਲਾਪਰਵਾਹੀ ਦਾ ਖੁਲਾਸਾ

ਲਖਨਊ ਦੇ ਅਲੀਗੰਜ ਇਲਾਕੇ ਵਿੱਚ ਸੋਮਵਾਰ ਦੁਪਹਿਰ ਇੱਕ ਕੋਚਿੰਗ ਸੈਂਟਰ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਜਾਨੀ ਨੁਕਸਾਨ ਕਰ ਦਿੱਤਾ। ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ਵਿੱਚ 5 ਔਰਤਾਂ ਅਤੇ 10 ਪੁਰਸ਼ ਸ਼ਾਮਲ ਹਨ। ਮ੍ਰਿਤਕਾਂ ਵਿੱਚ ਜ਼ਿਆਦਾਤਰ ਉਮਰ 20 ਤੋਂ 30 ਸਾਲ ਦੇ ਵਿਦਿਆਰਥੀ ਸਨ।

ਜਾਣਕਾਰੀ ਮੁਤਾਬਕ, ਜਿਸ ਇਮਾਰਤ ਵਿੱਚ ਇਹ ਹਾਦਸਾ ਵਾਪਰਿਆ, ਉਹ ਗੈਰ-ਕਾਨੂੰਨੀ ਸੀ ਅਤੇ ਉਸਨੂੰ 2016 ਵਿੱਚ ਢਾਹੁਣ ਦਾ ਹੁਕਮ ਜਾਰੀ ਹੋਇਆ ਸੀ, ਪਰ ਬਾਅਦ ਵਿੱਚ ਇਹ ਹੁਕਮ ਰੱਦ ਕਰ ਦਿੱਤਾ ਗਿਆ ਸੀ। ਲਖਨਊ ਵਿਕਾਸ ਅਥਾਰਟੀ (LDA) ਨੇ ਇਮਾਰਤ ਮਾਲਕ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਵਿੱਚ ਜਵਾਬ ਮੰਗਿਆ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਕਾਰਵਾਈ ਨਾ ਹੋਣ ‘ਤੇ ਇਮਾਰਤ ਨੂੰ ਬੁਲਡੋਜ਼ਰ ਨਾਲ ਢਾਹ ਦਿੱਤਾ ਜਾਵੇਗਾ।

ਇਹ ਇਮਾਰਤ ਰਾਮੇਸ਼ਵਰਮ ਇੰਸਟੀਚਿਊਟ ਆਫ਼ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਮਾਲਕ ਵੀਰੇਂਦਰ ਸ਼ੁਕਲਾ ਦੀ ਦੱਸੀ ਜਾ ਰਹੀ ਹੈ। ਪੁਲਿਸ ਨੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕਰਕੇ ਵੀਰੇਂਦਰ ਸਮੇਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਹਾਦਸੇ ਤੋਂ ਬਾਅਦ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਕਾਰਨ LDA ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ 16 ਹੋਰ ਅਧਿਕਾਰੀਆਂ ਵਿਰੁੱਧ ਵੀ ਕਾਰਵਾਈ ਦੀ ਸੰਭਾਵਨਾ ਹੈ। ਇਮਾਰਤ ਵਿੱਚ ਅੱਗ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ ਅਤੇ ਨਾ ਹੀ ਕੋਈ ਐਮਰਜੈਂਸੀ ਐਗਜ਼ਿਟ ਸੀ।

ਚਸ਼ਮਦੀਦਾਂ ਮੁਤਾਬਕ ਦਫ਼ਤਰ ਦਾ ਮੁੱਖ ਦਰਵਾਜ਼ਾ ਅੰਗੂਠੇ ਦੇ ਸਕੈਨਰ ਨਾਲ ਖੁਲ੍ਹਦਾ ਸੀ ਅਤੇ ਅੱਗ ਲੱਗਣ ਤੋਂ ਬਾਅਦ ਗੇਟ ਆਪਣੇ ਆਪ ਲੌਕ ਹੋ ਗਿਆ, ਜਿਸ ਕਾਰਨ ਲੋਕ ਬਾਹਰ ਨਹੀਂ ਨਿਕਲ ਸਕੇ।

ਅੱਗ ਐਅਰ ਕੰਡੀਸ਼ਨਰ ਵਿੱਚ ਧਮਾਕੇ ਕਾਰਨ ਲੱਗੀ ਦੱਸੀ ਜਾ ਰਹੀ ਹੈ। ਫਾਇਰ ਬ੍ਰਿਗੇਡ ਲਗਭਗ 40 ਮਿੰਟ ਬਾਅਦ ਮੌਕੇ ‘ਤੇ ਪਹੁੰਚੀ ਅਤੇ ਅੱਗ ‘ਤੇ ਕਾਬੂ ਪਾਇਆ ਗਿਆ। SDRF ਅਤੇ NDRF ਨੇ ਸੱਤ ਘੰਟੇ ਤੱਕ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਕੰਧਾਂ ਤੋੜ ਕੇ ਲਾਸ਼ਾਂ ਬਾਹਰ ਕੱਢੀਆਂ।

ਮ੍ਰਿਤਕਾਂ ਵਿੱਚ ਉੱਤਰ ਪ੍ਰਦੇਸ਼ ਦੇ 11 ਲੋਕ, ਪੱਛਮੀ ਬੰਗਾਲ ਦੇ 2, ਮੱਧ ਪ੍ਰਦੇਸ਼ ਅਤੇ ਹਰਿਆਣਾ ਦਾ ਇੱਕ-ਇੱਕ ਵਿਅਕਤੀ ਸ਼ਾਮਲ ਹੈ। ਇਸ ਭਿਆਨਕ ਹਾਦਸੇ ਨੇ ਸੁਰੱਖਿਆ ਪ੍ਰਬੰਧਾਂ ਅਤੇ ਇਮਾਰਤੀ ਨਿਯਮਾਂ ਦੀ ਵੱਡੀ ਲਾਪਰਵਾਹੀ ਨੂੰ ਸਾਹਮਣੇ ਲਿਆ ਦਿੱਤਾ ਹੈ।