ਅੰਮ੍ਰਿਤਸਰ ਬਾਈਪਾਸ ‘ਤੇ ਭਿਆਨਕ ਹਾਦਸਾ: ਨੌਜਵਾਨ ਗੰਭੀਰ ਜ਼ਖ਼ਮੀ, ਪਰਿਵਾਰ ਵੱਲੋਂ ਨਿਰਪੱਖ ਜਾਂਚ ਦੀ ਮੰਗ

ਅੰਮ੍ਰਿਤਸਰ (ਅਰਸ਼ਦੀਪ ਸਿੰਘ ਕਾਲੜਾ)   :-  ਅੰਮ੍ਰਿਤਸਰ ਬਾਈਪਾਸ ‘ਤੇ ਬਾਬਾ ਦਰਸ਼ਨ ਸਿੰਘ ਦੇ ਡੇਰੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪੀੜਤ ਪਰਿਵਾਰ ਦੇ ਅਨੁਸਾਰ, ਜ਼ਖ਼ਮੀ ਨੌਜਵਾਨ ਫਰੂਟ ਮੰਡੀ ਵੱਲ ਜਾ ਰਿਹਾ ਸੀ ਜਦੋਂ ਇੱਕ ਕਾਰ ਰੌਂਗ ਸਾਈਡ ਤੋਂ ਫੁੱਟਪਾਥ ਟੱਪ ਕੇ ਤੇਜ਼ ਰਫ਼ਤਾਰ ਨਾਲ ਆਈ ਅਤੇ ਉਸ ਦੇ ਵਾਹਨ ਨਾਲ ਟਕਰਾ ਗਈ। ਹਾਦਸੇ ਵਿੱਚ ਨੌਜਵਾਨ ਦੀਆਂ ਬਾਂਹਾਂ ਦੀਆਂ ਨਾੜਾਂ ਕੱਟੀਆਂ ਗਈਆਂ ਅਤੇ ਉਸ ਨੂੰ ਗੰਭੀਰ ਹਾਲਤ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ।

ਨੌਜਵਾਨ ਦੇ ਭਰਾ ਦਿਲਬਰ ਨੇ ਦੋਸ਼ ਲਗਾਇਆ ਹੈ ਕਿ ਹਾਦਸਾਗ੍ਰਸਤ ਕਾਰ ਵਿੱਚੋਂ ਸਰਿੰਜਾਂ ਅਤੇ ਔਰਤਾਂ ਨਾਲ ਸਬੰਧਤ ਸਮਾਨ ਵੀ ਮਿਲਿਆ ਹੈ। ਉਸ ਨੇ ਇਹ ਵੀ ਕਿਹਾ ਕਿ ਹਾਦਸੇ ਤੋਂ ਬਾਅਦ ਕੁਝ ਲੋਕ ਮੌਕੇ ‘ਤੇ ਪਹੁੰਚੇ ਅਤੇ ਵੀਡੀਓ ਬਣਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।

ਪਰਿਵਾਰ ਨੇ ਦਾਅਵਾ ਕੀਤਾ ਕਿ ਹਾਦਸੇ ਦੌਰਾਨ ਨੌਜਵਾਨ ਕੋਲ ਕਰੀਬ 75 ਹਜ਼ਾਰ ਰੁਪਏ ਨਕਦ ਸੀ, ਜੋ ਮੌਕੇ ਤੋਂ ਗਾਇਬ ਹੈ, ਹਾਲਾਂਕਿ ਮੋਬਾਈਲ ਫੋਨ ਮਿਲ ਗਿਆ ਹੈ।

ਇਸ ਦੌਰਾਨ ਛੇਹਰਟਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵੇਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਨਿਰਪੱਖ ਜਾਂਚ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।