
Skip to content

ਅੰਮ੍ਰਿਤਸਰ (ਮੋਨੂੰ ਪੱਤਰਕਾਰ) : ਪੰਜਾਬ ਸਰਕਾਰ ਦੀ “War Against Gangsters” ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਥਾਣਾ ਘਰਿੰਡਾ ਪੁਲਿਸ ਨੇ ਵਿਸ਼ੇਸ਼ ਆਪਰੇਸ਼ਨ ਦੌਰਾਨ ਪਾਕਿਸਤਾਨੀ ਖੁਫੀਆ ਏਜੰਸੀ ISI ਨਾਲ ਕਥਿਤ ਸਬੰਧ ਰੱਖਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹੈਂਡ ਗ੍ਰਨੇਡ ਅਤੇ ਆਧੁਨਿਕ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ।
ਇਹ ਕਾਰਵਾਈ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ (IPS) ਦੀ ਅਗਵਾਈ ਹੇਠ ਚਲਾਈ ਜਾ ਰਹੀ “War Against Gangsters” ਮੁਹਿੰਮ ਤਹਿਤ ਕੀਤੀ ਗਈ। ਇਹ ਆਪਰੇਸ਼ਨ ਡੀ.ਆਈ.ਜੀ. ਬਾਰਡਰ ਰੇਂਜ ਹਰਮਨਬੀਰ ਸਿੰਘ ਗਿੱਲ, ਐੱਸ.ਐੱਸ.ਪੀ. ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡੀ.ਐੱਸ.ਪੀ. (ਡੀ) ਗੁਰਿੰਦਰਪਾਲ ਸਿੰਘ ਨਾਗਰਾ ਦੀ ਨਿਗਰਾਨੀ ਹੇਠ ਐੱਸ.ਐੱਚ.ਓ. ਘਰਿੰਡਾ ਅਮਨਦੀਪ ਸਿੰਘ ਅਤੇ ਏਐਸਆਈ ਰਾਜਬੀਰ ਸਿੰਘ ਦੀ ਟੀਮ ਵੱਲੋਂ ਅੰਜਾਮ ਦਿੱਤਾ ਗਿਆ।
ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ 13 ਜੁਲਾਈ 2026 ਨੂੰ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਆਕਾਸ਼ਬੀਰ ਸਿੰਘ ਉਰਫ਼ ਕਾਸ਼ੀ, ਜੋਬਨ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਉਰਫ਼ ਵੱਡਾ ਪਾਕਿਸਤਾਨ ਤੋਂ ਡਰੋਨ ਰਾਹੀਂ ਆਧੁਨਿਕ ਹਥਿਆਰ, ਗੋਲਾ-ਬਾਰੂਦ ਅਤੇ ਗ੍ਰਨੇਡ ਮੰਗਵਾ ਕੇ ਅੱਗੇ ਸਪਲਾਈ ਕਰਨ ਦੇ ਕਥਿਤ ਨੈੱਟਵਰਕ ਨਾਲ ਜੁੜੇ ਹੋਏ ਹਨ।
ਸੂਚਨਾ ਦੇ ਆਧਾਰ ‘ਤੇ ਅਟਾਰੀ ਨੇੜੇ ਵਿਸ਼ੇਸ਼ ਨਾਕਾਬੰਦੀ ਕਰਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਹੈਂਡ ਗ੍ਰਨੇਡ (HG), 1 AK-47 ਰਾਈਫਲ, 1 M-4 ਰਾਈਫਲ, 1 .30 ਬੋਰ ਮਾਡੀਫਾਈਡ ਆਟੋਮੈਟਿਕ ਗਨ ਅਤੇ 5 ਮੈਗਜ਼ੀਨਾਂ ਸਮੇਤ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ।
ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁੱਛਗਿੱਛ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਗਿਰੋਹ ਦੇ ਹੋਰ ਕਿਹੜੇ-ਕਿਹੜੇ ਲੋਕਾਂ ਨਾਲ ਸਬੰਧ ਹਨ ਅਤੇ ਹਥਿਆਰਾਂ ਦੀ ਸਪਲਾਈ ਦਾ ਨੈੱਟਵਰਕ ਕਿੰਨਾ ਵੱਡਾ ਹੈ। ਪੁਲਿਸ ਨੂੰ ਇਸ ਮਾਮਲੇ ਵਿੱਚ ਹੋਰ ਅਹਿਮ ਖੁਲਾਸਿਆਂ ਅਤੇ ਬਰਾਮਦਗੀਆਂ ਦੀ ਉਮੀਦ ਹੈ।

Related