ਆਂਗਣਵਾੜੀ ਕੇਂਦਰਾਂ ’ਚ ਮੁੜ ਸ਼ੁਰੂ ਹੋਵੇਗੀ ਪੂਰਕ ਖੁਰਾਕ ਸੇਵਾ, ਸਰਕਾਰ ਵੱਲੋਂ ਮੀਨੂ ਤੇ ਬਜਟ ਜਾਰੀ

ਪੰਜਾਬ ਦੀ ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸਪਲੀਮੈਂਟਰੀ ਨਿਊਟ੍ਰੀਸ਼ਨ (ਪੂਰਕ ਖੁਰਾਕ) ਦੀ ਮੰਗ ਨੂੰ ਪੰਜਾਬ ਸਰਕਾਰ ਅਤੇ ਵਿਭਾਗ ਨੇ ਪ੍ਰਵਾਨ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਹਾਲ ਹੀ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵਿਭਾਗੀ ਮੰਤਰੀ ਡਾ. ਬਲਜੀਤ ਕੌਰ ਨਾਲ ਅਹਿਮ ਮੀਟਿੰਗ ਹੋਈ। ਮੀਟਿੰਗ ਵਿੱਚ ਡਾਇਰੈਕਟਰ ਸ਼੍ਰੀਮਤੀ ਸ਼ੇਨਾ ਅਗਰਵਾਲ, ਸੈਕਟਰੀ ਗੁਰਕਿਰਤਕਿਰਪਾਲ ਸਿੰਘ, ਡਿਪਟੀ ਡਾਇਰੈਕਟਰ ਅਮਰਜੀਤ ਸਿੰਘ ਭੁੱਲਰ, ਮੈਡਮ ਸੁਮਨਦੀਪ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਰਹੇ।

ਮੀਟਿੰਗ ਤੋਂ ਬਾਅਦ ਵਿਭਾਗ ਵੱਲੋਂ ਪੂਰਕ ਖੁਰਾਕ ਸਬੰਧੀ ਅਧਿਕਾਰਤ ਪੱਤਰ ਅਤੇ ਨਵਾਂ ਮੀਨੂ ਵੀ ਜਾਰੀ ਕਰ ਦਿੱਤਾ ਗਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਫੈਸਲੇ ਨਾਲ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਅਤੇ ਮਹਿਲਾਵਾਂ ਨੂੰ ਮੁੜ ਪੌਸ਼ਟਿਕ ਗਰਮ ਖੁਰਾਕ ਮਿਲ ਸਕੇਗੀ, ਜਿਸ ਨਾਲ ਪੋਸ਼ਣ ਸੇਵਾਵਾਂ ਨੂੰ ਹੋਰ ਮਜ਼ਬੂਤੀ ਮਿਲੇਗੀ।

ਆਂਗਣਵਾੜੀ ਸੈਂਟਰਾਂ ’ਚ ਮੁੜ ਮਿਲੇਗਾ ਗਰਮ ਪੱਕਿਆ ਖਾਣਾ, ਬੱਚਿਆਂ ਲਈ ਪੌਸ਼ਟਿਕ ਮੀਨੂ ਤੇ 8 ਰੁਪਏ ਪ੍ਰਤੀ ਬੱਚਾ ਬਜਟ ਤੈਅ

ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲੇ 3 ਤੋਂ 6 ਸਾਲ ਤੱਕ ਦੇ ਪ੍ਰੀ-ਸਕੂਲ ਬੱਚਿਆਂ ਲਈ ਹੁਣ ਮੁੜ ਸੈਂਟਰਾਂ ਵਿੱਚ ਹੀ ਗਰਮ ਪੱਕਿਆ ਹੋਇਆ ਖਾਣਾ (HCM) ਤਿਆਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਖੀਰ, ਮਿੱਠਾ ਤੇ ਨਮਕੀਨ ਦਲੀਆ, ਖਿਚੜੀ ਅਤੇ ਹਲਵਾ ਵਰਗਾ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਤਾਂ ਜੋ ਬੱਚਿਆਂ ਦੀ ਸਿਹਤ ਅਤੇ ਪੋਸ਼ਣ ਪੱਧਰ ਵਿੱਚ ਸੁਧਾਰ ਹੋ ਸਕੇ।

ਮੈਡਮ ਛੀਨਾ ਨੇ ਕਿਹਾ ਕਿ ਵਿਭਾਗ ਵੱਲੋਂ ਇਸ ਯੋਜਨਾ ਲਈ 8 ਰੁਪਏ ਪ੍ਰਤੀ ਬੱਚਾ ਬਜਟ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਅਨੁਸਾਰ ਤਿਆਰ ਕੀਤਾ ਗਿਆ ਮੀਨੂ ਬੱਚਿਆਂ ਦੀ ਪੋਸ਼ਣ ਸੰਬੰਧੀ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ, ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟਸ, ਕੈਲੋਰੀ ਅਤੇ ਫੈਟਸ ਦੀ ਲੋੜੀਂਦੀ ਮਾਤਰਾ ਸ਼ਾਮਲ ਹੈ।

ਉਨ੍ਹਾਂ ਕਿਹਾ ਕਿ ਇਸ ਪਹਿਲ ਨਾਲ ਨਾ ਸਿਰਫ਼ ਬੱਚਿਆਂ ਨੂੰ ਤਾਜ਼ਾ ਅਤੇ ਗਰਮ ਖਾਣਾ ਮਿਲੇਗਾ, ਸਗੋਂ ਉਨ੍ਹਾਂ ਦੀ ਸਿਹਤ ਅਤੇ ਸਰੀਰਕ ਵਿਕਾਸ ਨੂੰ ਵੀ ਵੱਡਾ ਲਾਭ ਹੋਵੇਗਾ।

ਪੰਜਾਬ ਦੇ ਆਂਗਣਵਾੜੀ ਸੈਂਟਰਾਂ ਵਿੱਚ ਲਾਭਪਾਤਰੀਆਂ ਲਈ ਪੋਸ਼ਣ ਸੇਵਾਵਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਯੂਨੀਅਨ ਵੱਲੋਂ ਸਰਕਾਰ ਅਤੇ ਵਿਭਾਗ ਕੋਲ ਅਹਿਮ ਮੰਗਾਂ ਚੁੱਕੀਆਂ ਗਈਆਂ ਹਨ। ਯੂਨੀਅਨ ਨੇ ਮੰਗ ਕੀਤੀ ਹੈ ਕਿ ਗਰਭਵਤੀ ਔਰਤਾਂ, ਦੁੱਧ ਚੁੰਘਾਉਂਦੀਆਂ ਮਾਵਾਂ, 11 ਤੋਂ 18 ਸਾਲ ਦੀਆਂ ਕਿਸ਼ੋਰੀਆਂ ਅਤੇ 0 ਤੋਂ 6 ਸਾਲ ਤੱਕ ਦੇ ਬੱਚਿਆਂ ਨੂੰ ਪਹਿਲਾਂ ਵਾਂਗ ਦੇਸੀ ਘਿਓ ਨਾਲ ਤਿਆਰ ਕੀਤੀ ਪੰਜੀਰੀ ਹੀ ਮੁਹੱਈਆ ਕਰਵਾਈ ਜਾਵੇ, ਕਿਉਂਕਿ ਇਹ ਲਾਭਪਾਤਰੀਆਂ ਵੱਲੋਂ ਬਹੁਤ ਪਸੰਦ ਕੀਤੀ ਜਾਂਦੀ ਹੈ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਵਿਭਾਗ ਵੱਲੋਂ ਵੱਖ-ਵੱਖ ਲਾਭਪਾਤਰੀਆਂ ਲਈ ਰੋਜ਼ਾਨਾ ਖੁਰਾਕ ਦੀ ਮਾਤਰਾ ਵੀ ਗ੍ਰਾਮਾਂ ਅਨੁਸਾਰ ਤੈਅ ਕਰ ਦਿੱਤੀ ਗਈ ਹੈ। ਮੈਡਮ ਛੀਨਾ ਨੇ ਕਿਹਾ ਕਿ ਜਥੇਬੰਦੀ ਦੀ ਮੰਗ ਹੈ ਕਿ ਘਰਾਂ ਵਿੱਚ ਦਿੱਤਾ ਜਾਣ ਵਾਲਾ THR (ਟੇਕ ਹੋਮ ਰਾਸ਼ਨ) ਵੀ ਇਸੇ ਤਰਜ ‘ਤੇ ਲਾਭਪਾਤਰੀਆਂ ਤੱਕ ਪਹੁੰਚਾਇਆ ਜਾਵੇ।

ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ (DPOs) ਨੂੰ ਇਸ ਸਬੰਧੀ ਬਜਟ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਜਲਦ ਹੀ ਰਾਸ਼ਨ CDPO ਦਫ਼ਤਰਾਂ ਰਾਹੀਂ ਆਂਗਣਵਾੜੀ ਸੈਂਟਰਾਂ ਤੱਕ ਪਹੁੰਚਣਾ ਸ਼ੁਰੂ ਹੋ ਜਾਵੇਗਾ। ਇਸਦੇ ਨਾਲ ਹੀ ਵਿਭਾਗ ਵੱਲੋਂ ‘ਹੌਟ ਕੁੱਕਡ ਮੀਲ’ (ਗਰਮ ਪੱਕਿਆ ਖਾਣਾ) ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ, ਜਿਸ ਨਾਲ ਲਾਭਪਾਤਰੀਆਂ ਅਤੇ ਬੱਚਿਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।