
Skip to content

ਚੰਡੀਗੜ੍ਹ/ਅਮਿਤ ਨੱਖਵਾਲ: ਗੈਂਗਸਟਰ ਗੋਲਡੀ ਬਰਾੜ ਵੱਲੋਂ ਅਰਸ਼ ਡੱਲਾ ’ਤੇ ਲਗਾਏ ਗਏ ਗੰਭੀਰ ਦੋਸ਼ਾਂ ਤੋਂ ਬਾਅਦ ਅਰਸ਼ ਡੱਲਾ ਨੇ ਕਥਿਤ ਤੌਰ ’ਤੇ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੱਤਾ ਹੈ। ਡੱਲਾ ਨੇ ਆਪਣੇ ਬਿਆਨ ਵਿੱਚ ਨਿੱਝਰ ਦੇ ਕਤਲ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸਨੂੰ ਅਤੇ ਸੁੱਖਾ ਦੁਨੀਕੇ ਨੂੰ ਇਸ ਕਤਲ ਨਾਲ ਨਾ ਜੋੜਿਆ ਜਾਵੇ।
ਅਰਸ਼ ਡੱਲਾ ਨੇ ਕਿਹਾ ਕਿ ਤੁਹਾਡੇ ਭਰਾ ਦੀ ਮੌਤ 2021 ਵਿੱਚ ਹੋਈ ਸੀ, ਜਦਕਿ 2022 ਵਿੱਚ ਉਨ੍ਹਾਂ ਦੀ ਸੁੱਖਾ ਦੁਨੀਕੇ ਨਾਲ ਮੁਲਾਕਾਤ ਹੋਈ। ਉਸਨੇ ਦਾਅਵਾ ਕੀਤਾ ਕਿ ਨਾ ਉਹ, ਨਾ ਸੁੱਖਾ ਦੁਨੀਕੇ ਅਤੇ ਨਾ ਹੀ ਸਿੱਧੂ ਤੁਹਾਡੇ ਭਰਾ ਦੇ ਕਤਲ ਵਿੱਚ ਸ਼ਾਮਲ ਸਨ। ਉਸਨੇ ਨਿੱਝਰ ਨਾਲ ਸਬੰਧਤ ਹੋਰ ਦਾਅਵਿਆਂ ਨੂੰ ਵੀ ਰੱਦ ਕੀਤਾ।
ਦਰਅਸਲ, ਗੋਲਡੀ ਬਰਾੜ ਨੇ ਇੱਕ ਕਥਿਤ ਆਡੀਓ ਗੱਲਬਾਤ ਵਿੱਚ ਅਰਸ਼ ਡੱਲਾ ’ਤੇ ਨਿੱਝਰ ਦੇ ਕਤਲ ਸਮੇਤ ਕਈ ਗੰਭੀਰ ਦੋਸ਼ ਲਗਾਏ ਸਨ। ਬਰਾੜ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਕਿ ਡੱਲਾ ਅਤੇ ਸੁੱਖਾ ਦੁਨੀਕੇ ਵਰਗੇ ਲੋਕ ਨਿੱਝਰ ਨੂੰ ਹਥਿਆਰ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਸਨ। ਇਸ ਤੋਂ ਇਲਾਵਾ ਉਸਨੇ ਡੱਲਾ ’ਤੇ ਵੱਖ-ਵੱਖ ਸੁਰੱਖਿਆ ਅਤੇ ਜਾਂਚ ਏਜੰਸੀਆਂ ਲਈ ਮੁਖਬਰ ਵਜੋਂ ਕੰਮ ਕਰਨ ਦੇ ਵੀ ਦੋਸ਼ ਲਗਾਏ।
ਕਥਿਤ ਆਡੀਓ ਵਿੱਚ ਗੋਲਡੀ ਬਰਾੜ ਨੇ ਅਰਸ਼ ਡੱਲਾ ਨੂੰ ਨਿਸ਼ਾਨਾ ਬਣਾਉਣ ਬਾਰੇ ਵੀ ਗੱਲ ਕੀਤੀ। ਇਸ ਤੋਂ ਇਲਾਵਾ ਉਸਨੇ ਪੰਜਾਬੀ ਗਾਇਕ ਅਰਜਨ ਢਿੱਲੋਂ ਸਮੇਤ ਕੁਝ ਗਾਇਕਾਂ ਨੂੰ ਲੈ ਕੇ ਵੀ ਦਾਅਵੇ ਕੀਤੇ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕਈ ਗੱਲਾਂ ਦੀ ਜਾਣਕਾਰੀ ਹੈ।
ਹਾਲਾਂਕਿ, ਰੋਜ਼ਾਨਾ ਸਪੋਕਸਮੈਨ ਇਸ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ। ਇਸ ਆਡੀਓ ਵਿੱਚ ਕੀਤੇ ਗਏ ਦਾਅਵਿਆਂ ਦੀ ਸੁਤੰਤਰ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ।
ਰਿਪੋਰਟ :- ਅਮਿਤ ਨੱਖਵਾਲ
Related