
Skip to content

ਅਮਿਤ ਨੱਖਵਾਲ: ਦਿੱਲੀ ਦੇ ਆਈ.ਟੀ.ਓ. (ITO) ਇਲਾਕੇ ਵਿੱਚ ਐਤਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਸਵਿਫਟ ਕਾਰ ਡਿਵਾਈਡਰ ਅਤੇ ਰੇਲਿੰਗ ਨੂੰ ਪਾਰ ਕਰਕੇ ਸਾਹਮਣੇ ਵਾਲੀ ਲੇਨ ਵਿੱਚ ਜਾ ਵੜੀ ਅਤੇ ਉੱਥੋਂ ਲੰਘ ਰਹੀ ਇਨੋਵਾ ਗੱਡੀ ਨਾਲ ਟਕਰਾ ਗਈ। ਹਾਦਸੇ ਵਿੱਚ ਦਿੱਲੀ ਅਤੇ ਕਰਨਾਟਕ ਦੇ ਦੋ ਵਿਧਾਇਕਾਂ ਸਮੇਤ 6 ਲੋਕ ਜ਼ਖ਼ਮੀ ਹੋ ਗਏ।
ਪੁਲਿਸ ਮੁਤਾਬਕ ਸਵਿਫਟ ਕਾਰ ਲਕਸ਼ਮੀ ਨਗਰ ਤੋਂ ਆਈ.ਟੀ.ਓ. ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਰੇਲਿੰਗ ਪਾਰ ਕਰਕੇ ਵਿਰੋਧੀ ਦਿਸ਼ਾ ਵਾਲੀ ਲੇਨ ਵਿੱਚ ਪਹੁੰਚ ਗਈ। ਇਸੇ ਦੌਰਾਨ ਸਾਹਮਣੇ ਤੋਂ ਆ ਰਹੀ ਇਨੋਵਾ ਨਾਲ ਉਸ ਦੀ ਜ਼ਬਰਦਸਤ ਟੱਕਰ ਹੋ ਗਈ।
ਇਨੋਵਾ ਵਿੱਚ ਦਿੱਲੀ ਦੇ ਕਿਰਾੜੀ ਹਲਕੇ ਤੋਂ ਵਿਧਾਇਕ ਅਨਿਲ ਝਾਅ ਅਤੇ ਕਰਨਾਟਕ ਦੇ ਵਿਧਾਇਕ ਅਭੈ ਪਾਟਿਲ ਸਵਾਰ ਸਨ। ਹਾਦਸੇ ਵਿੱਚ ਦੋਵਾਂ ਵਿਧਾਇਕਾਂ ਸਮੇਤ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਸਵਿਫਟ ਕਾਰ 32 ਸਾਲਾ ਆਸ਼ੂਤੋਸ਼ ਪਾਂਡੇ ਚਲਾ ਰਹੇ ਸਨ ਅਤੇ ਕਾਰ ਵਿੱਚ ਉਨ੍ਹਾਂ ਦੀ ਪਤਨੀ ਤੇ ਦੋ ਨਾਬਾਲਗ ਬੱਚੇ ਵੀ ਸਵਾਰ ਸਨ।
ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਐਲ.ਐਨ.ਜੇ.ਪੀ. (LNJP) ਹਸਪਤਾਲ ਲਿਜਾਇਆ ਗਿਆ। ਪੁਲਿਸ ਅਨੁਸਾਰ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਹੈ ਅਤੇ ਕਿਸੇ ਦੀ ਹਾਲਤ ਗੰਭੀਰ ਨਹੀਂ ਦੱਸੀ ਜਾ ਰਹੀ।
ਵਿਧਾਇਕਾਂ ਦੇ ਡਰਾਈਵਰ ਅਨੁਪਮ ਗੌਰ ਨੇ ਦੱਸਿਆ ਕਿ ਆਈ.ਟੀ.ਓ. ਟ੍ਰੈਫਿਕ ਲਾਈਟ ਤੋਂ ਸੱਜੇ ਮੁੜਨ ਤੋਂ ਬਾਅਦ ਉਨ੍ਹਾਂ ਨੇ ਮੁੱਖ ਦਫ਼ਤਰ ਦੇ ਬਾਹਰ ਗੱਡੀ ਰੋਕੀ ਸੀ। ਇਸੇ ਦੌਰਾਨ ਸਾਹਮਣੇ ਤੋਂ ਤੇਜ਼ ਰਫ਼ਤਾਰ ਨਾਲ ਆ ਰਹੀ ਕਾਰ ਨੇ ਇਨੋਵਾ ਨੂੰ ਟੱਕਰ ਮਾਰ ਦਿੱਤੀ। ਏਅਰਬੈਗ ਖੁੱਲ੍ਹਣ ਕਾਰਨ ਡਰਾਈਵਰ ਨੂੰ ਸੱਟ ਨਹੀਂ ਲੱਗੀ।
ਟੱਕਰ ਤੋਂ ਬਾਅਦ ਦੋਵੇਂ ਵਾਹਨ ਸੜਕ ’ਤੇ ਹੀ ਫਸ ਗਏ, ਜਿਸ ਕਾਰਨ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਰਹੀ। ਵਾਹਨਾਂ ਨੂੰ ਹਟਾਉਣ ਅਤੇ ਟ੍ਰੈਫਿਕ ਬਹਾਲ ਕਰਨ ਲਈ ਫਾਇਰ ਬ੍ਰਿਗੇਡ ਦੀ ਮਦਦ ਲਈ ਗਈ। ਦਿੱਲੀ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟ :- ਅਮਿਤ ਨੱਖਵਾਲ
Related