ਅਮਿਤ ਨੱਖਵਾਲ: ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਆਈਈਡੀ ਅਤੇ ਵਿਸਫੋਟਕ ਸਮੱਗਰੀ ਬਰਾਮਦ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਅੱਜ ਤਿੰਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾ ਸਕਦੀ ਹੈ। ਪੁੱਛਗਿੱਛ ਦੌਰਾਨ ਮਾਮਲੇ ਨਾਲ ਜੁੜੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜਾਂਚ ਏਜੰਸੀਆਂ ਇਸ ਗੱਲ ਦਾ ਪਤਾ ਲਗਾ ਰਹੀਆਂ ਹਨ ਕਿ ਮੁਲਜ਼ਮਾਂ ਨੇ ਆਈਈਡੀ ਅਤੇ ਹੋਰ ਵਿਸਫੋਟਕ ਸਮੱਗਰੀ ਕਿੱਥੋਂ ਹਾਸਲ ਕੀਤੀ ਅਤੇ ਇਸ ਦੀ ਵਰਤੋਂ ਕਿੱਥੇ ਕੀਤੀ ਜਾਣੀ ਸੀ। ਪੁਲਿਸ ਨੇ ਸ਼ਨੀਵਾਰ ਰਾਤ ਸੈਕਟਰ-43 ਬੱਸ ਸਟੈਂਡ ਦੇ ਪਿੱਛੇ ਤੋਂ ਇੱਕ ਆਈਈਡੀ ਬਰਾਮਦ ਕੀਤਾ ਸੀ। ਇਸ ਤੋਂ ਇਲਾਵਾ ਪੰਜ ਕਿਲੋਗ੍ਰਾਮ ਜੈਲੇਟਿਨ ਸਟਿਕਸ, ਡੈਟੋਨੇਟਰ, ਬਿਜਲੀ ਦੇ ਸਰੋਤ, ਤਾਰਾਂ, ਰਿਮੋਟ-ਕੰਟਰੋਲ ਇਲੈਕਟ੍ਰਾਨਿਕ ਡਿਵਾਈਸ, ਇੱਕ ਪਿਸਤੌਲ ਅਤੇ ਪੰਜ ਕਾਰਤੂਸ ਵੀ ਬਰਾਮਦ ਕੀਤੇ ਗਏ। ਪੁਲਿਸ ਮੁਤਾਬਕ ਬਰਾਮਦ ਕੀਤਾ ਗਿਆ ਆਈਈਡੀ ਸਰਗਰਮ ਨਹੀਂ ਸੀ।

ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ (19), ਵਾਸੀ ਸਰਹਾਲੀ, ਤਰਨ ਤਾਰਨ; ਜਸਨਪ੍ਰੀਤ ਸਿੰਘ ਉਰਫ਼ ਜਸਨਦੀਪ (21), ਵਾਸੀ ਦਿਓਬਾ, ਤਰਨ ਤਾਰਨ; ਅਤੇ ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ (19), ਵਾਸੀ ਤਰਸਿੱਕਾ, ਤਰਨ ਤਾਰਨ ਵਜੋਂ ਹੋਈ ਹੈ।

ਪੁਲਿਸ ਅਨੁਸਾਰ ਤਿੰਨਾਂ ਦੇ ਇੱਕ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਨਾਲ ਸਬੰਧ ਹੋਣ ਦੀ ਜਾਂਚ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਵਿੱਚ ਉਨ੍ਹਾਂ ਦੇ ਪਾਕਿਸਤਾਨ ਸਥਿਤ ਖਾਲਿਸਤਾਨੀ ਅੱਤਵਾਦੀ ਸਤਨਾਮ ਸੱਤਾ ਉਰਫ਼ ਨੌ ਸ਼ੇਰਾ ਨਾਲ ਕਥਿਤ ਸਬੰਧਾਂ ਦੀ ਗੱਲ ਸਾਹਮਣੇ ਆਈ ਹੈ। ਹੁਣ ਪੁਲਿਸ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਮੁਲਜ਼ਮਾਂ ਨੂੰ ਨਿਰਦੇਸ਼ ਕਿਸ ਵੱਲੋਂ ਦਿੱਤੇ ਗਏ ਸਨ ਅਤੇ ਚੰਡੀਗੜ੍ਹ ਵਿੱਚ ਕਥਿਤ ਵਾਰਦਾਤ ਲਈ ਉਨ੍ਹਾਂ ਨੂੰ ਕਿਸਨੇ ਭੇਜਿਆ ਸੀ।

ਰਿਪੋਰਟ: ਅਮਿਤ ਨੱਖਵਾਲ