
Skip to content

ਪਾਕਿਸਤਾਨ/ਅਮਿਤ ਨੱਖਵਾਲ: 22 ਅਪ੍ਰੈਲ 2025 ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਵੱਲੋਂ ਵੀਜ਼ਾ ਅਤੇ ਸਰਹੱਦੀ ਆਵਾਜਾਈ ’ਤੇ ਲਾਈਆਂ ਪਾਬੰਦੀਆਂ ਕਾਰਨ ਕਈ ਵਿਆਹ ਪ੍ਰਭਾਵਿਤ ਹੋਏ। ਇਨ੍ਹਾਂ ਵਿੱਚ ਪਾਕਿਸਤਾਨ ਦੇ ਸਿੰਧ ਸੂਬੇ ਦੀਆਂ ਲਗਭਗ 150 ਔਰਤਾਂ ਵੀ ਸ਼ਾਮਲ ਸਨ, ਜਿਨ੍ਹਾਂ ਦੇ ਭਾਰਤ ਵਿੱਚ ਰਹਿੰਦੇ ਨੌਜਵਾਨਾਂ ਨਾਲ ਵਿਆਹ ਤੈਅ ਸਨ।
ਲੰਬੇ ਇੰਤਜ਼ਾਰ ਅਤੇ ਕੋਸ਼ਿਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪਾਕਿਸਤਾਨੀ ਔਰਤਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਵਿਆਹ ਲਈ ਭਾਰਤ ਆਉਣ ਵਾਸਤੇ ਵੀਜ਼ੇ ਜਾਰੀ ਕੀਤੇ ਗਏ। ਇਸ ਤੋਂ ਬਾਅਦ ਕਈ ਦੁਲਹਨਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਮਸਕਟ, ਦੁਬਈ, ਸ਼੍ਰੀਲੰਕਾ ਅਤੇ ਹੋਰ ਦੇਸ਼ਾਂ ਰਾਹੀਂ ਭਾਰਤ ਪਹੁੰਚੇ।
ਨਾਗਪੁਰ ਦੇ ਆਗੂ ਰਾਜੇਸ਼ ਜ਼ੈਂਬੀਆ ਨੇ ਐਤਵਾਰ ਨੂੰ ਦੱਸਿਆ ਕਿ ਲੰਬੇ ਸਮੇਂ ਤੋਂ ਵਿਆਹ ਦੀ ਉਡੀਕ ਕਰ ਰਹੀਆਂ ਕਈ ਦੁਲਹਨਾਂ ਹੁਣ ਭਾਰਤ ਪਹੁੰਚ ਚੁੱਕੀਆਂ ਹਨ। ਉਨ੍ਹਾਂ ਮੁਤਾਬਕ ਪਹਿਲਗਾਮ ਹਮਲੇ ਤੋਂ ਪਹਿਲਾਂ ਸਿੰਧ ਦੇ ਸਿੰਧੀ ਭਾਈਚਾਰੇ ਦੀਆਂ ਔਰਤਾਂ ਵਿਆਹ ਲਈ ਵਾਹਗਾ-ਅਟਾਰੀ ਸਰਹੱਦ ਰਾਹੀਂ ਭਾਰਤ ਆਉਂਦੀਆਂ ਸਨ।
ਜ਼ੈਂਬੀਆ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਅਟਾਰੀ ਰਸਤੇ ਰਾਹੀਂ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਕਈ ਲੋਕਾਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਹੋ ਗਈਆਂ। ਇਸ ਕਾਰਨ ਵੱਡੀ ਗਿਣਤੀ ਵਿੱਚ ਵਿਆਹ ਰੁਕ ਗਏ।
ਹੁਣ ਤੱਕ ਲਗਭਗ 150 ਪਾਕਿਸਤਾਨੀ ਦੁਲਹਨਾਂ ਭਾਰਤ ਪਹੁੰਚ ਚੁੱਕੀਆਂ ਹਨ, ਜਦਕਿ ਕਰੀਬ 300 ਜੋੜੇ ਅਜੇ ਵੀ ਆਪਣੇ ਵਿਆਹ ਦੀ ਉਡੀਕ ਕਰ ਰਹੇ ਹਨ।
ਰਿਪੋਰਟ :- ਅਮਿਤ ਨੱਖਵਾਲ
Related