ਨਵੀਂ ਦਿੱਲੀ : ਸਬ-ਲੈਫਟੀਨੈਂਟ ਆਸਥਾ ਪੂਨੀਆ ਨੇ ਇਤਿਹਾਸ ਰਚ ਦਿੱਤਾ ਹੈ। ਉਹ ਭਾਰਤੀ ਜਲ ਸੈਨਾ ਦੀ ਪਹਿਲੀ ਇਸਤਰੀ ਫਾਈਟਰ ਪਾਇਲਟ ਬਣ ਗਈ ਹੈ। ਉਨ੍ਹਾਂ ਦੀ ਇਸ ਉਪਲਬਧੀ ਨੂੰ ਨਾ-ਸਿਰਫ਼ ਭਾਰਤੀ ਹਥਿਆਰਬੰਦ ਬਲਾਂ ਵਿਚ ਲਿੰਗ ਅਧਾਰਤ ਸਮਾਨਤਾ ਦੇ ਰੂਪ ਵਿਚ ਦੇਖਿਆ ਜਾ ਰਿਹਾ ਹੈ ਬਲਕਿ ਜਲ ਸੈਨਾ ਵਿਚ ਔਰਤ ਮੁਲਾਜ਼ਮਾਂ ਦੀ ਵਧਦੀ ਹਿੱਸੇਦਾਰੀ ਵਜੋਂ ਇਹ ਅਹਿਮ ਕਦਮ ਹੈ। ਅਗਲੀਆਂ ਪੀੜ੍ਹੀਆਂ ਲਈ ਮਜ਼ਬੂਤ ਮਿਸਾਲ ਕਾਇਮ ਕਰਨ ਵਾਲੀ ਆਸਥਾ ਨੇ ਤਿੰਨ ਜੁਲਾਈ ਨੂੰ ਆਈਐੱਨਐੱਸ ਡੇਗਾ, ਵਿਸ਼ਾਖਾਪਟਨਮ ਵਿਚ ਦੂਜੇ ਬੇਸਿਕ ਹਾਕ ਕੰਵਰਜ਼ਨ ਕੋਰਸ ਮੁਕੰਮਲ ਕਰ ਕੇ ਇਹ ਪ੍ਰਾਪਤੀ ਕੀਤੀ ਹੈ। ਉਸ ਨੂੰ ਸਹਾਇਕ ਨੇਵੀ ਮੁਖੀ (ਏਅਰ) ਰੀਅਰ ਐਡਮਿਰਲ ਜਨਕ ਬੇਵਲੀ ਨੇ ਵੱਕਾਰੀ ‘ਗੋਲਡਨ ਵਿੰਗਜ਼’ ਭੇਟ ਕੀਤੇ ਜੋ ਉਨ੍ਹਾਂ ਦੇ ਲੜਾਕੂ ਜਹਾਜ਼ਾਂ ਦੇ ਪਾਇਲਟ ਦੇ ਖ਼ਾਸ ਵਰਗ ਵਿਚ ਪ੍ਰਵੇਸ਼ ਦਾ ਪ੍ਰਤੀਕ ਹੈ। ਉਨ੍ਹਾਂ ਦੇ ਨਾਲ ਲੈਫਟੀਨੈਂਟ ਅਤੁਲ ਕੁਮਾਰ ਢੁੱਲ ਨੇ ਵੀ ਇਸ ਕੋਰਸ ਵਿਚ ਗ੍ਰੈਜੂਏਸ਼ਨ ਕੀਤੀ ਪਰ ਸਬ-ਲੈਫਟੀਨੈਂਟ ਪੂਨੀਆ ਦੀ ਇਤਿਹਾਸਕ ਪ੍ਰਾਪਤੀ ਨੇ ਸਭ ਦੀ ਤਵੱਜੋ ਹਾਸਿਲ ਕੀਤੀ ਹੈ। ਹਾਲਾਂਕਿ ਨੇਵੀ ਪਹਿਲਾਂ ਤੋਂ ਹੀ ਟੋਹੀ ਜਹਾਜ਼ਾਂ ਤੇ ਹੈਲੀਕਾਪਟਰਾਂ ਵਿਚ ਪਾਇਲਟ ਤੇ ਏਅਰ ਆਪ੍ਰੇਸ਼ਨਜ਼ ਅਧਿਕਾਰੀਆਂ ਦੇ ਰੂਪ ਵਿਚ ਔਰਤਾਂ ਨੂੰ ਸ਼ਾਮਲ ਕਰ ਰਹੀ ਹੈ ਪਰ ਲੜਾਕੂ ਜਹਾਜ਼ ਦੇ ਪਾਇਲਟ ਦੇ ਤੌਰ ’ਤੇ ਪੂਨੀਆ ਦਾ ਸ਼ਾਮਲ ਹੋਣਾ ਨਵੇਂ ਅਧਿਆਏ ਦੀ ਸ਼ੁਰੂਆਤ ਹੈ। ਨੇਵੀ ਦੇ ਇਕ ਬੁਲਾਰੇ ਨੇ ਕਿਹਾ ਕਿ ਸਬ-ਲੈਫਟੀਨੈਂਟ ਆਸਥਾ ਦਾ ਫਾਈਟਰ ਸਟ੍ਰੀਮ ਵਿਚ ਸ਼ਾਮਲ ਹੋਣਾ ਭਾਰਤੀ ਜਲ ਸੈਨਾ ਦੀ ਲਿੰਗਕ ਸਮਾਨਤਾ ਤੇ ਇਸਤਰੀ ਸ਼ਕਤੀ ਨੂੰ ਹੋਰ ਮਜ਼ਬੂਤ ਕਰਨਾ ਹੈ। ਕਾਬਿਲੇ ਜ਼ਿਕਰ ਹੈ ਕਿ ਲੰਘੇ ਕੁਝ ਸਾਲਾਂ ਵਿਚ ਭਾਰਤੀ ਹਥਿਆਰਬੰਦ ਬਲਾਂ ਵਿਚ ਭਾਰਤੀ ਇਸਤਰੀ ਮੁਲਾਜ਼ਮਾਂ ਦੀ ਭਾਗੀਦਾਰੀ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਆਪ੍ਰੇਸ਼ਨ ਸਿੰਧੂਰ ਦੌਰਾਨ ਭਾਰਤੀ ਫ਼ੌਜ ਦੀ ਕਰਨਲ ਸੋਫ਼ੀਆ ਕੁਰੈਸ਼ੀ ਤੇ ਵਿੰਗ ਕਮਾਂਡਰ ਵਿਓਮਿਕਾ ਸਿੰਘ ਨੇ ਮੀਡੀਆ ਦੇ ਸਾਹਮਣੇ ਅਹਿਮ ਪਹਿਲੂਆਂ ਨੂੰ ਸਾਂਝਾ ਕਰਦੇ ਹੋਏ ਸੰਸਾਰ ਪੱਧਰ ’ਤੇ ਸੁਰਖ਼ੀਆਂ ਬਟੋਰੀਆਂ ਹਨ ਜੋ ਕਿ ਨਾ-ਸਿਰਫ਼ ਨਾਰੀ ਸ਼ਕਤੀ ਸਗੋਂ ਤਬਦੀਲੀ, ਦਲੇਰੀ ਤੇ ਸਮਰਥਾ ਦਾ ਪ੍ਰਤੀਕ ਵੀ ਹਨ।