ਤੁਸੀਂ ਵੀ ਪੈਟਰੋਲ ਪੰਪ ਉਤੇ ਪੈਟਰੋਲ-ਡੀਜ਼ਲ ਭਰਵਾਉਣ ਲਈ ਕਈ ਵਾਰ ਗਏ ਹੋਵੋਗੇ, ਪਰ ਕੀ ਤੁਸੀਂ ਜਾਣਦੇ ਹੋ ਕਿ ਇਥੇ ਕਈ ਅਜਿਹੀਆਂ ਸੁਵਿਧਾਵਾਂ ਹਨ ਜੋ ਮੁਫਤ ‘ਚ ਮਿਲਦੀਆਂ ਹਨ। ਤੁਸੀਂ ਪੈਟਰੋਲ ਪੰਪਾਂ ਉਤੇ ਆਪਣੇ ਵਾਹਨਾਂ ‘ਚ ਮੁਫਤ ਹਵਾ ਭਰਵਾ ਸਕਦੇ ਹੋ। ਇਸ ਲਈ ਪੈਟਰੋਲ ਪੰਪਾਂ ‘ਤੇ ਇਲੈਕਟ੍ਰਾਨਿਕ ਏਅਰ ਫਿਲਿੰਗ ਮਸ਼ੀਨਾਂ ਲਗਾਈਆਂ ਗਈਆਂ ਹਨ, ਜਿਸ ਲਈ ਇੱਕ ਮੁਲਾਜ਼ਮ ਹੁੰਦਾ ਹੈ।

    ਪੈਟਰੋਲ ਪੰਪਾਂ ਉਤੇ ਪੀਣ ਵਾਲੇ ਪਾਣੀ ਦਾ ਮੁਫ਼ਤ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੇ ਲਈ ਪੈਟਰੋਲ ਪੰਪਾਂ ‘ਤੇ ਆਰ.ਓ ਜਾਂ ਵਾਟਰ ਕੂਲਰ ਲਗਾਏ ਹੁੰਦੇ ਹਨ। ਪੰਪ ਉਤੇ ਵਾਸ਼ਰੂਮ ਦੀ ਸਹੂਲਤ ਵੀ ਆਮ ਲੋਕਾਂ ਲਈ ਬਿਲਕੁਲ ਮੁਫ਼ਤ ਹੈ। ਕੋਈ ਵੀ ਇਸ ਦੀ ਵਰਤੋਂ ਕਰ ਸਕਦਾ ਹੈ। ਇਸ ਲਈ ਕੋਈ ਪੈਸਾ ਨਹੀਂ ਦੇਣਾ ਪਵੇਗਾ। ਐਮਰਜੈਂਸੀ ਦੀ ਸਥਿਤੀ ਵਿਚ ਤੁਸੀਂ ਪੈਟਰੋਲ ਪੰਪ ਤੋਂ ਮੁਫਤ ਕਾਲ ਕਰ ਸਕਦੇ ਹੋ। ਪੈਟਰੋਲ ਪੰਪ ਮਾਲਕਾਂ ਨੂੰ ਇਹ ਸਹੂਲਤ ਦੇਣ ਦੀ ਇਜਾਜ਼ਤ ਹੈ।

    ਇਸ ਤੋਂ ਇਲਾਵਾ ਪੈਟਰੋਲ ਪੰਪ ਉਤੇ ਫਸਟ ਏਡ ਬਾਕਸ ਰੱਖਣਾ ਵੀ ਜ਼ਰੂਰੀ ਹੈ। ਜਿਸ ਵਿੱਚ ਲੋੜੀਂਦੀਆਂ ਦਵਾਈਆਂ ਅਤੇ ਮੱਲ੍ਹਮ ਸ਼ਾਮਲ ਹਨ। ਜੇਕਰ ਪੈਟਰੋਲ ਪੰਪ ਉਤੇ ਈਂਧਨ ਭਰਨ ਦੌਰਾਨ ਵਾਹਨ ਨੂੰ ਅੱਗ ਲੱਗ ਜਾਂਦੀ ਹੈ, ਤਾਂ ਤੁਸੀਂ ਇੱਥੇ ਫਾਇਰ ਸੇਫਟੀ ਯੰਤਰ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕੋਈ ਚਾਰਜ ਨਹੀਂ ਦੇਣਾ ਪਵੇਗਾ। ਪੈਟਰੋਲ ਪੰਪ ਉਤੇ ਨੋਟਿਸ ਲੱਗਾ ਹੋਣਾ ਜ਼ਰੂਰੀ ਹੈ, ਜਿਸ ਉਤੇ ਪੰਪ ਦੇ ਖੁੱਲ੍ਹਣ ਅਤੇ ਬੰਦ ਹੋਣ ਦਾ ਸਮਾਂ ਲਿਖਿਆ ਹੁੰਦਾ ਹੈ। ਇਸ ਉਤੇ ਛੁੱਟੀ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ।

    ਇੱਥੇ ਪੈਟਰੋਲ ਪੰਪ ਦੇ ਮਾਲਕ ਦਾ ਨਾਮ, ਕੰਪਨੀ ਅਤੇ ਸੰਪਰਕ ਨੰਬਰ ਵੀ ਲਿਖਣਾ ਹੋਵੇਗਾ। ਤਾਂ ਜੋ ਲੋਕ ਲੋੜ ਪੈਣ ‘ਤੇ ਪੈਟਰੋਲ ਪੰਪ ਨਾਲ ਸਬੰਧਤ ਵਿਅਕਤੀ ਸੰਪਰਕ ਕਰ ਸਕਣ।ਤੁਹਾਨੂੰ ਤੁਹਾਡੇ ਵਾਹਨ ਵਿੱਚ ਪੈਟਰੋਲ ਅਤੇ ਡੀਜ਼ਲ ਭਰਨ ਦੇ ਬਿੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ। ਬਿੱਲ ਦਾ ਫਾਇਦਾ ਇਹ ਹੈ ਕਿ ਜੇਕਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਉਸ ਨੂੰ ਸੁਧਾਰਿਆ ਜਾ ਸਕਦਾ ਹੈ।

    ਜੇਕਰ ਕਿਸੇ ਵੀ ਪੈਟਰੋਲ ਪੰਪ ਉਤੇ ਇਹ ਸੁਵਿਧਾਵਾਂ ਮੁਫਤ ਨਹੀਂ ਮਿਲਦੀਆਂ ਜਾਂ ਇਨ੍ਹਾਂ ‘ਤੇ ਖਰਚਾ ਲਿਆ ਜਾਂਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਵੀ ਕਰ ਸਕਦੇ ਹੋ। ਤੁਸੀਂ pgportal.gov ਪੋਰਟਲ ਜਾਂ ਪੈਟਰੋਲ ਪੰਪ ਮਾਲਕ ਨੂੰ ਸ਼ਿਕਾਇਤ ਕਰ ਸਕਦੇ ਹੋ। ਤੁਸੀਂ ਪੈਟਰੋਲੀਅਮ ਕੰਪਨੀ ਦੀ ਵੈੱਬਸਾਈਟ ਉਤੇ ਜਾ ਕੇ ਨੰਬਰ ਅਤੇ ਮੇਲ ਆਈਡੀ ਪ੍ਰਾਪਤ ਕਰ ਸਕਦੇ ਹੋ।