ਫ਼ਿਰੋਜ਼ਪੁਰ, ਜਤਿੰਦਰ ਪਿੰਕਲ। ‘ਖੇਡਾਂ ਵਤਨ ਪੰਜਾਬ ਦੀਆਂ 2026’ ਦੇ ਚੌਥੇ ਸੀਜ਼ਨ ਤਹਿਤ ਪਿੰਡ ਚੰਦੜ, ਬਲਾਕ ਘੱਲ ਖੁਰਦ ਵਿਖੇ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।

ਮੁਕਾਬਲਿਆਂ ਦੌਰਾਨ ਜਮਾਤ ਸੱਤਵੀਂ ਦੀ ਵਿਦਿਆਰਥਣ ਅਰਪਨ ਕੌਰ ਨੇ 60 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ। ਇਸੇ ਤਰ੍ਹਾਂ ਜਮਾਤ ਬਾਰ੍ਹਵੀਂ ਦੇ ਵਿਦਿਆਰਥੀ ਸਮੀਰ ਹਾਂਡਾ ਨੇ ਲੰਬੀ ਛਾਲ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਆਪਣੇ ਨਾਮ ਕੀਤਾ। ਅੰਡਰ-14 ਵਾਲੀਬਾਲ ਟੀਮ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਮਗਾ ਜਿੱਤਿਆ।

ਇਸ ਤੋਂ ਇਲਾਵਾ ਜਮਾਤ ਸੱਤਵੀਂ ਦੀ ਪਰਨੀਤ ਕੌਰ ਨੇ ਸ਼ਾਟ-ਪੁੱਟ ਵਿੱਚ ਦੂਜਾ ਸਥਾਨ, ਜਮਾਤ ਅੱਠਵੀਂ ਦੀ ਗੁਰਨੀਤ ਕੌਰ ਨੇ ਸ਼ਾਟ-ਪੁੱਟ ਵਿੱਚ ਤੀਜਾ ਸਥਾਨ, ਜਮਾਤ ਸੱਤਵੀਂ ਦੀ ਮਹਿਕਪ੍ਰੀਤ ਕੌਰ ਨੇ 60 ਮੀਟਰ ਦੌੜ ਵਿੱਚ ਤੀਜਾ ਸਥਾਨ ਅਤੇ ਜਮਾਤ ਸੱਤਵੀਂ ਦੇ ਅੰਮ੍ਰਿਤ ਸਿੰਘ ਨੇ ਲੰਬੀ ਛਾਲ ਵਿੱਚ ਤੀਜਾ ਸਥਾਨ ਹਾਸਲ ਕੀਤਾ। ਅੰਡਰ-17 ਵਾਲੀਬਾਲ ਟੀਮ ਨੇ ਵੀ ਦੂਜਾ ਸਥਾਨ ਹਾਸਲ ਕਰਕੇ ਸਕੂਲ ਦੀਆਂ ਪ੍ਰਾਪਤੀਆਂ ਵਿੱਚ ਵਾਧਾ ਕੀਤਾ।

ਜੇਤੂ ਵਿਦਿਆਰਥੀਆਂ ਅਤੇ ਖੇਡ ਕੋਚ ਦੇ ਸਕੂਲ ਪਹੁੰਚਣ ’ਤੇ ਸਕੂਲ ਦੀ ਮੈਨੇਜਮੈਂਟ ਕਮੇਟੀ ਅਤੇ ਪ੍ਰਿੰਸੀਪਲ ਮੈਡਮ ਰੀਤੂ ਚੋਪੜਾ ਵੱਲੋਂ ਉਨ੍ਹਾਂ ਦਾ ਸਵਾਗਤ ਕਰਦਿਆਂ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ ਗਈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਿਹਨਤ ਕਰਕੇ ਖੇਡਾਂ ਦੇ ਖੇਤਰ ਵਿੱਚ ਨਵੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।