
Skip to content

GMADA ਦੇ 1000 ਕਰੋੜ ਤੋਂ ਵੱਧ ਬਕਾਏ ਵਸੂਲਣ ਵਿੱਚ ਨਾਕਾਮ ਰਹੀ ‘ਆਪ’ ਸਰਕਾਰ : ਬਲਬੀਰ ਸਿੱਧੂ
ਚੰਡੀਗੜ੍ਹ/ਮੋਹਾਲੀ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਸਰਕਾਰ ਉੱਤੇ ਤਿੱਖੇ ਸਵਾਲ ਖੜ੍ਹੇ ਕਰਦਿਆਂ ਦੋਸ਼ ਲਗਾਇਆ ਕਿ ਇੱਕ ਪਾਸੇ ਸਰਕਾਰ ਪੰਜਾਬ ਨੂੰ ਕਰਜ਼ੇ ਦੇ ਬੋਝ ਹੇਠ ਦਬਾ ਰਹੀ ਹੈ, ਜਦਕਿ ਦੂਜੇ ਪਾਸੇ ਵੱਡੇ ਬਿਲਡਰਾਂ ਤੋਂ ਸਰਕਾਰ ਦੀ ਬਣਦੀ ਰਕਮ ਵਸੂਲ ਕਰਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ।
ਸਿੱਧੂ ਨੇ ਕਿਹਾ ਕਿ ਮੋਹਾਲੀ ਵਿੱਚ GMADA ਅਧੀਨ ਆਉਂਦੇ ਕਰੀਬ 20 ਰੀਅਲ ਐਸਟੇਟ ਪ੍ਰਮੋਟਰਾਂ ਵੱਲੋਂ ਸਰਕਾਰ ਦੇ 1000 ਕਰੋੜ ਰੁਪਏ ਤੋਂ ਵੱਧ ਦੇ ਬਕਾਏ ਅਜੇ ਤੱਕ ਅਦਾ ਨਹੀਂ ਕੀਤੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਬਕਾਏਦਾਰਾਂ ਦੀ ਸੂਚੀ ਵਿੱਚ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਨਾਲ ਸੰਬੰਧਿਤ ਜੰਤਾ ਲੈਂਡ ਪ੍ਰਮੋਟਰਜ਼ ਦਾ ਨਾਮ ਵੀ ਸ਼ਾਮਲ ਹੈ, ਜਿਸ ਉੱਤੇ ਲਗਭਗ 152 ਕਰੋੜ ਰੁਪਏ ਬਕਾਇਆ ਹੈ।
ਉਨ੍ਹਾਂ ਸਵਾਲ ਕੀਤਾ ਕਿ ਜਦੋਂ ਆਮ ਲੋਕਾਂ ਤੋਂ ਬਿਜਲੀ, ਪਾਣੀ ਅਤੇ ਹੋਰ ਸਰਕਾਰੀ ਬਕਾਏ ਦੀ ਸਖ਼ਤੀ ਨਾਲ ਵਸੂਲੀ ਕੀਤੀ ਜਾਂਦੀ ਹੈ ਤਾਂ ਸੱਤਾਧਾਰੀ ਪਾਰਟੀ ਦੇ ਵਿਧਾਇਕਾਂ ਅਤੇ ਵੱਡੇ ਬਿਲਡਰਾਂ ਉੱਤੇ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਕਿਉਂ ਨਹੀਂ ਵਸੂਲੇ ਜਾ ਰਹੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਨ੍ਹਾਂ ਡਿਫਾਲਟਰਾਂ ਨੂੰ ਕਿਸ ਆਧਾਰ ’ਤੇ ਰਿਆਇਤ ਦਿੱਤੀ ਜਾ ਰਹੀ ਹੈ।
ਬਲਬੀਰ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਮਹੀਨੇ ਹਜ਼ਾਰਾਂ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੁੱਕ ਰਹੀ ਹੈ। ਜੇਕਰ ਸਰਕਾਰ ਆਪਣੀ ਬਣਦੀ ਰਕਮ ਵੀ ਵਸੂਲ ਨਹੀਂ ਕਰ ਸਕਦੀ ਤਾਂ ਇਹ ਉਸਦੀ ਨੀਅਤ ਅਤੇ ਪ੍ਰਸ਼ਾਸਨਿਕ ਸਮਰੱਥਾ ਦੋਵਾਂ ’ਤੇ ਸਵਾਲ ਖੜ੍ਹੇ ਕਰਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਂਦਾ ਹੈ, ਛੋਟੀਆਂ-ਛੋਟੀਆਂ ਬਕਾਇਆ ਰਕਮਾਂ ਲਈ ਨੋਟਿਸ ਭੇਜੇ ਜਾਂਦੇ ਹਨ, ਪਰ ਜਦੋਂ ਵੱਡੇ ਬਿਲਡਰਾਂ ਅਤੇ ਸੱਤਾਧਾਰੀ ਪਾਰਟੀ ਨਾਲ ਜੁੜੇ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਸਰਕਾਰ ਚੁੱਪ ਕਿਉਂ ਹੋ ਜਾਂਦੀ ਹੈ। ਇਹ ਆਮ ਲੋਕਾਂ ਅਤੇ ਪ੍ਰਭਾਵਸ਼ਾਲੀ ਲੋਕਾਂ ਲਈ ਵੱਖ-ਵੱਖ ਕਾਨੂੰਨਾਂ ਵਾਲੀ ਸਥਿਤੀ ਨੂੰ ਦਰਸਾਉਂਦਾ ਹੈ।
ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸਪੱਸ਼ਟੀਕਰਨ ਮੰਗਦਿਆਂ ਕਿਹਾ ਕਿ ਜੇਕਰ ਸਿਰਫ਼ ਮੋਹਾਲੀ ਵਿੱਚ ਹੀ ਕਰੀਬ 1000 ਕਰੋੜ ਰੁਪਏ ਦੀ ਬਕਾਇਆ ਰਕਮ ਹੈ ਤਾਂ ਪੂਰੇ ਪੰਜਾਬ ਵਿੱਚ ਇਹ ਅੰਕੜਾ ਕਿੰਨਾ ਹੋਵੇਗਾ, ਇਸਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ GMADA ਦੇ ਸਾਰੇ ਬਕਾਏਦਾਰਾਂ ਤੋਂ ਬਿਨਾਂ ਕਿਸੇ ਸਿਆਸੀ ਦਖ਼ਲਅੰਦਾਜ਼ੀ ਦੇ ਤੁਰੰਤ ਸਰਕਾਰੀ ਰਕਮ ਦੀ ਵਸੂਲੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਖ਼ਜ਼ਾਨੇ ਨੂੰ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।
Related